ਭਾਖੜਾ ’ਚ ਟਰੈਕਟਰ ਡਿੱਗਣ ਕਾਰਨ ਤਿੰਨ ਔਰਤਾਂ ਰੁੜ੍ਹੀਆਂ
ਪੱਤਰ ਪ੍ਰੇਰਕ
ਮੂਨਕ/ਖਨੌਰੀ, 23 ਜੂਨ
ਪਿੰਡ ਹਰੀਗੜ੍ਹ ਗੈਹਲਾਂ ਕੋਲ ਟਰੈਕਟਰ ਭਾਖੜਾ ਨਹਿਰ ਵਿੱਚ ਡਿੱਗਣ ਕਾਰਨ ਇੱਕ ਲੜਕੀ ਅਤੇ ਦੋ ਔਰਤਾਂ ਪਾਣੀ ਵਿੱਚ ਰੁੜ੍ਹ ਗਈਆਂ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਨੂੰ ਚਲਾਉਣ ਵਾਲਾ ਨੌਜਵਾਨ ਅਪਾਹਜ ਸੀ। ਜ਼ਿਕਰਯੋਗ ਹੈ ਕਿ ਟੋਹਾਣਾ-ਮੂਨਕ ਰੋਡ ‘ਤੇ ਪਿੰਡ ਹਰੀਗੜ੍ਹ ਗੈਹਲਾਂ ਅਤੇ ਮਨਿਆਣਾ ਨੇੜੇ ਔਰਤਾਂ ਖੇਤਾਂ ਵਿੱਚ ਝੋਨਾ ਲਾ ਰਹੀਆਂ ਸਨ। ਟਰੈਕਟਰ ਦਾ ਡਰਾਈਵਰ ਕੰਮ ਵਿੱਚ ਰੁੱਝਿਆ ਹੋਣ ਕਾਰਨ ਸਾਬਕਾ ਸਰਪੰਚ ਸੰਤ ਰੂਪ ਸਿੰਘ ਦੇ ਖੇਤਾਂ ਵਿੱਚ ਝੋਨਾ ਲਾਉਣ ਲਈ ਉਥੋਂ ਇੱਕ ਨੌਜਵਾਨ ਝੋਨੇ ਦੀ ਪਨੀਰੀ ਤੇ ਔਰਤਾਂ ਨੂੰ ਟਰੈਕਟਰ ‘ਤੇ ਬਿਠਾ ਕੇ ਲੈ ਗਿਆ। ਕੁਝ ਔਰਤਾਂ ਨੂੰ ਟਰੈਕਟਰ ਦੇ ਪਿੱਛੇ ਕਲਟੀਵੇਟਰ ‘ਤੇ ਬਿਠਾਇਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਚਲਾਉਣ ਵਾਲਾ ਨੌਜਵਾਨ ਅਪਾਹਜ ਸੀ। ਨੌਜਵਾਨ ਜਿਵੇਂ ਹੀ ਟਰੈਕਟਰ ਲੈ ਕੇ ਨਹਿਰ ਨੇੜੇ ਪਹੁੰਚਿਆ ਤਾਂ ਅਚਾਨਕ ਟਰੈਕਟਰ ਉਲਾਰ ਹੋ ਕੇ ਨਹਿਰ ਵਿੱਚ ਡਿੱਗ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਰੀਬ 11 ਔਰਤਾਂ ਅਤੇ ਡਰਾਈਵਰ ਰਾਮਫਲ ਸਿੰਘ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ।
ਦੋ ਔਰਤਾਂ ਗੀਤਾ ਪਤਨੀ ਸੁਖਚੈਨ ਸਿੰਘ, ਕਮਲੇਸ਼ ਪਤਨੀ ਗੁਰਮੀਤ ਸਿੰਘ ਤੇ ਇਕ ਲੜਕੀ ਪਾਇਲ ਪੁੱਤਰੀ ਕਾਲਾ ਸਿੰਘ ਪਾਣੀ ਦੇ ਤੇਜ਼ ਵਹਾਅ ਕਾਰਨ ਨਹਿਰ ਵਿੱਚ ਰੁੜ੍ਹ ਗਈਆਂ। ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਲੱਗਿਆ। ਉਧਰ, ਨਹਿਰ ਵਿੱਚੋਂ ਕੱਢੀਆਂ ਗਈਆਂ ਔਰਤਾਂ ਨੂੰ ਟੋਹਾਣਾ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ, ਜਿੱਥੇ ਹੁਣ ਉਨ੍ਹਾਂ ਦੀ ਸਿਹਤ ਠੀਕ ਹੈ। ਡੀਐੱਸਪੀ ਮੂਨਕ ਮਨੋਜ ਗੋਰਸੀ ਤੇ ਐੱਸਐੱਚਓ ਖਨੌਰੀ ਸੋਰਭ ਸਭਰਵਾਲ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ।