ਤਿੰਨ ਵੇਟ ਲਿਫਟਰ ਭੈਣਾਂ ‘ਮਾਣ ਪੰਜਾਬ ਦਾ’ ਐਵਾਰਡ ਨਾਲ ਸਨਮਾਨਿਤ
ਜਸਬੀਰ ਸਿੰਘ ਚਾਨਾ
ਫਗਵਾੜਾ, 20 ਜੁਲਾਈ
ਦਿੱਲੀ ਐਨ.ਸੀ.ਆਰ. ਦੇ ਨੋਇਡਾ (ਯੂ.ਪੀ.) ’ਚ ਆਯੋਜਿਤ ਜੂਨੀਅਰ ਤੇ ਯੂਥ ਕਾਮਨਵੈਲਥ ਵੇਟ ਲਿਫਟਿੰਗ ਚੈਂਪੀਅਨਸ਼ਿਪ ’ਚ ਦੋ ਗੋਲਡ ਮੈਡਲ ਜਿੱਤਣ ਵਾਲੀ ਕੈਨੇਡਾ ਦੀ ਜੰਮਪਲ ਵੇਟ ਲਿਫਟਰ ਏਂਜਲ ਬਿਲੇਨ ਤੇ ਉਸ ਦੀਆਂ ਦੋ ਹੋਰ ਵੇਟ ਲਿਫਟਰ ਭੈਣਾਂ ਜੀਨਤ ਬਿਲੇਨ ਤੇ ਹਲੀਨਾ ਬਿਲੇਨ ਨੂੰ ‘ਮਾਣ ਪੰਜਾਬ ਦਾ’ ਐਵਾਰਡ ਨਾਲ ਸਨਮਾਨਤ ਕਰਨ ਲਈ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਵਲੋਂ ਐਂਟੀ ਕੁਰੱਪਸ਼ਨ ਫਾਊਡੇਸ਼ਨ ਫ਼ਾਰ ਪੀਪਲਜ ਦੇ ਸਹਿਯੋਗ ਨਾਲ ਸਮਾਗਮ ਕੀਤਾ ਗਿਆ।
ਸਮਾਗਮ ਦੌਰਾਨ ਏਂਜਲ ਦੇ ਪਿਤਾ ਤੇ ਰੁਸਤਮ ਰੈਸਲਿੰਗ ਕਲੱਬ (ਸਰੀ) ਕੈਨੇਡਾ ਦੇ ਪ੍ਰਧਾਨ ਹਰਜੀਤ ਸਿੰਘ ਰਾਏਪੁਰ ਡੱਬਾ ਨੇ ਦੱਸਿਆ ਕਿ ਉਨ੍ਹਾਂ ਦਾ ਪਿਛੋਕੜ ਪੰਜਾਬ ਦੇ ਰਾਏਪੁਰ ਡੱਬਾ ਨਾਲ ਜੁੜਿਆ ਹੈ। ਉਨ੍ਹਾਂ ਦੀਆਂ ਤਿੰਨੇ ਧੀਆਂ ਸਰੀ (ਕੈਨੇਡਾ) ਦੀਆਂ ਜੰਮਪਲ ਹਨ ਜਨਿ੍ਹਾਂ ਨੂੰ ਬਚਪਨ ਤੋਂ ਹੀ ਵੇਟ ਲਿਫਟਿੰਗ ਦਾ ਸ਼ੌਕ ਸੀ। ਅਮਰੀਕਾ ਤੇ ਯੁੂਰੋਪ ਦੇ ਕਈ ਮੁਲਕਾਂ ’ਚ ਇਨ੍ਹਾਂ ਧੀਆਂ ਨੇ ਕਈ ਖਿਤਾਬ ਹਾਸਲ ਕੀਤੇ ਹਨ।
ਭਾਰਤ ’ਚ ਪਹਿਲੀ ਵਾਰ ਨੋਇਡਾ ਵਿਖੇ ਆਯੋਜਿਤ ਪ੍ਰਤੀਯੋਗਿਤਾ ’ਚ ਹਿੱਸਾ ਲਿਆ ਜਿੱਥੇ ਪੰਦਰਾਂ ਸਾਲ ਦੀ ਏਂਜਲ ਨੇ ਦੋ ਗੋਲਡ ਮੈਡਲ ਜਿੱਤੇ ਹਨ। ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਰੀਤਪ੍ਰੀਤ ਪਾਲ ਸਿੰਘ ਨੇ ਏਂਜਲ ਨੂੰ ਉਸ ਦੀ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਕਿਹਾ ਕਿ ਪੰਜਾਬ ਦੀਆਂ ਧੀਆਂ ਦੁਨੀਆ ਦੇ ਕਿਸੇ ਵੀ ਹਿੱਸੇ ’ਚ ਕਿਉਂ ਨਾ ਜੰਮੀਆਂ ਤੇ ਪਲੀਆਂ ਹੋਣ ਪਰ ਉਹ ਆਪਣੇ ਪੰਜਾਬੀ ਹੋਣ ਦਾ ਸਬੂਤ ਆਪਣੀ ਕਿਸੇ ਨਾ ਕਿਸੇ ਕਲਾ ਰਾਹੀਂ ਜਰੂਰ ਦਿੰਦੀਆਂ ਹਨ। ਇਸ ਮੌਕੇ ਹੁਸਨ ਲਾਲ, ਡਾ. ਅਸ਼ਵਨੀ ਕੁਮਾਰ, ਅਵਤਾਰ ਸਿੰਘ ਰੰਧਾਵਾ, ਅਵਤਾਰ ਅੰਬੇਡਕਰੀ, ਸੁਰਜੀਤ ਕੌਰ ਬਸਰਾ, ਹਰਜੋਤ ਸਿੰਘ, ਰਮਨ ਵੀ ਸ਼ਾਮਿਲ ਸਨ।