ਤਿੰਨ ਦਰਸ਼ਨੀ ਸ਼ਖ਼ਸੀਅਤਾਂ
ਉਨ੍ਹਾਂ ਸਾਲਾਂ ਵਿੱਚ ਭਾਰਤੀ ਪ੍ਰਬੰਧਕੀ ਸੇਵਾਵਾਂ ਦੀ ਪ੍ਰੀਖਿਆ ਲਈ ਚੰਡੀਗੜ੍ਹ ਨਵਾਂ ਨਵਾਂ ਪ੍ਰੀਖਿਆ ਕੇਂਦਰ ਬਣਿਆ ਸੀ। ਇਸ ਤੋਂ ਪਹਿਲਾਂ ਇਕੱਲਾ ਪਟਿਆਲਾ ਹੀ ਪੰਜਾਬ ਵਿੱਚ ਇਸ ਕੌਮਾਂਤਰੀ ਪੱਧਰ ਦੀ ਪ੍ਰੀਖਿਆ ਦਾ ਕੇਂਦਰ ਹੁੰਦਾ ਸੀ। ਮੈਂ ਇਸ ਪ੍ਰੀਖਿਆ ਵਿੱਚ ਬੈਠਣਾ ਸੀ ਤੇ ਮੇਰੀ ਚੰਡੀਗੜ੍ਹ ਵਿੱਚ ਕੋਈ ਠਾਹਰ ਨਹੀਂ ਸੀ। ਪਰਚੇ ਤਕਰੀਬਨ ਇੱਕ ਮਹੀਨੇ ਵਿੱਚ ਖ਼ਤਮ ਹੋ ਜਾਣੇ ਸਨ। ਮੈਂ ਆਪਣੇ ਇੱਕ ਰਿਸ਼ਤੇਦਾਰ ਨਾਲ ਗੱਲ ਕੀਤੀ।
‘‘ਅੰਕਲ ਜੀ, ਮੇਰੀ ਚੰਡੀਗੜ੍ਹ ਵਿੱਚ ਪ੍ਰੀਖਿਆ ਏ। ਇੱਕ ਮਹੀਨੇ ਲਈ ਕਿਤੇ ਰਿਹਾਇਸ਼ ਚਾਹੀਦੀ ਏ?’’
‘‘ਮੇਰੇ ਦੋਸਤ ਹਨ। ਉਨ੍ਹਾਂ ਦੀਆਂ ਚੰਡੀਗੜ੍ਹ ਵਿੱਚ ਦੋ ਕੋਠੀਆਂ ਹਨ- 15 ਸੈਕਟਰ ਵਿੱਚ ਤੇ 35 ਸੈਕਟਰ ਵਿੱਚ। ਇਹ ਕੋਠੀਆਂ ਕਿਰਾਏ ’ਤੇ ਚੜ੍ਹੀਆਂ ਹੋਈਆਂ ਹਨ। 15 ਸੈਕਟਰ ਵਾਲੀ ਕੋਠੀ ਵਿੱਚ ਉਨ੍ਹਾਂ ਨੇ ਇੱਕ ਕਮਰਾ ਆਪਣੇ ਵਾਸਤੇ ਰੱਖਿਆ ਹੋਇਆ ਏ। ਉਹ ਕਦੀ ਕਦਾਈਂ ਹੀ ਉਸ ਕਮਰੇ ਵਿੱਚ ਠਹਿਰਦੇ ਹਨ ਜਦ ਉਹ ਕਿਰਾਇਆ ਲੈਣ ਜਾਂਦੇ ਹਨ ਜਾਂ ਕਿਸੇ ਹੋਰ ਕੰਮ ਜਾਂਦੇ ਹਨ। ਮੈਂ ਉਨ੍ਹਾਂ ਨੂੰ ਕਹਿ ਕੇ ਇਹ ਕਮਰਾ ਮਹੀਨੇ ਵਾਸਤੇ ਤੁਹਾਨੂੰ ਦੁਆ ਦਿੰਦਾ ਹਾਂ।’’
‘‘ਕਿਰਾਇਆ ਕਿੰਨਾ ਲੈਣਗੇ?’’
‘‘ਬੱਲਿਆ, ਮੈਂ ਪੁੱਛ ਲਵਾਂਗਾ। ਪਰ ਮੈਨੂੰ ਪਤਾ ਹੈ ਕਿ ਉਨ੍ਹਾਂ ਨੇ ਮੈਥੋਂ ਕੁਝ ਨਹੀਂ ਲੈਣਾ। ਮੈਂ ਉਨ੍ਹਾਂ ਦੇ ਪਹਿਲਾਂ ਕਈ ਕੰਮ ਕਰਵਾਏ ਹੋਏ ਹਨ।’’
‘‘ਫਿਰ ਤਾਂ ਬਹੁਤ ਵਧੀਆ ਇੰਤਜ਼ਾਮ ਹੋ ਜਾਊ?’’
‘‘ਕਮਰੇ ਵਿੱਚ ਇੱਕ ਬੈੱਡ ਹੈ। ਦੋ ਕੁਰਸੀਆਂ ਤੇ ਇੱਕ ਮੇਜ਼ ਵੀ ਹੈ। ਏਅਰਕੰਡੀਸ਼ਨ ਵੀ ਹੈ। ਤੈਨੂੰ ਪੜ੍ਹਨ ਲਈ ਵਧੀਆ ਮਾਹੌਲ ਮਿਲੂ। ਖਾਣਾ ਬਾਹਰ ਪ੍ਰਿੰਸ ਰੈਸਟੋਰੈਂਟ ’ਤੇ ਖਾ ਲਿਆ ਕਰੀਂ।’’
‘‘ਅੰਕਲ, ਠੀਕ ਏ। ਇਹ ਮਾਲਕ ਕਿੱਥੋਂ ਦੇ ਹਨ?’’
‘‘ਕਿਤੇ ਦੇ ਹੋਣ ਤੂੰ ਕੀ ਲੈਣਾ?’’
‘‘ਮੈਂ ਤਾਂ ਵੈਸੇ ਹੀ ਪੁੱਛਿਆ ਏ। ਤੁਹਾਡੀ ਨੇੜਤਾ ਬੜੇ ਚੰਗੇ ਲੋਕਾਂ ਨਾਲ ਏ। ਮੇਰੇ ਵਾਸਤੇ ਵੀ ਤੁਸੀਂ ਵਰਦਾਨ ਹੋ।’’
‘‘ਬੱਲਿਆ। ਮੈਂ ਤੈਨੂੰ ਇਨ੍ਹਾਂ ਕੋਠੀਆਂ ਦੇ ਮਾਲਕ ਬਾਰੇ ਥੋੜ੍ਹਾ ਦੱਸ ਹੀ ਦਿੰਦਾ ਹਾਂ। ਸੁਣ ਕੇ ਸ਼ਾਇਦ ਤੈਨੂੰ ਵੀ ਦੁਨੀਆ ਦੇ ਜੀਵਨ ਢੰਗ ਬਾਰੇ ਕੁਝ ਗਿਆਨ ਹੋ ਜਾਊ।’’
‘‘ਕੋਈ ਖ਼ਾਸ ਗੱਲ ਏ?’’
‘‘ਇਨ੍ਹਾਂ ਕੋਠੀਆਂ ਦਾ ਮਾਲਕ ਪਿੰਡ ਬਾਗਪੁਰ ਵਾਲਾ ਜਗਤ ਸਿੰਘ ਪਾਬਲਾ ਏ।’’
‘‘ਤੁਸੀਂ ਉਹਦੇ ਕਿਵੇਂ ਵਾਕਫ਼ ਹੋਏ? ਤੁਸੀਂ ਜੱਟ ਹੋ, ਉਹ ਸ਼ਾਇਦ ਸੈਣੀ ਬਰਾਦਰੀ ਦਾ ਏ।’’
‘‘ਜਦ ਮੈਂ ਚੰਡੀਗੜ੍ਹ ਦੇ ਸੀਪੀਡਬਲਯੂ ਵਿਭਾਗ ਵਿੱਚ ਰੋਡ ਰੋਲਰ ਡਰਾਈਵਰ ਹੋਇਆ ਕਰਦਾ ਸਾਂ ਉਦੋਂ ਪਾਬਲਾ ਵੀ ਚੰਡੀਗੜ੍ਹ ਕੰਮ ਕਰਿਆ ਕਰਦਾ ਸੀ। ਮਨੀਮਾਜਰੇ ਵਾਲੇ ਢਿੱਲੋਂ ਸਿਨੇਮਾ ਦੇ ਦੁਆਲੇ ਦੀਆਂ ਸਾਰੀਆਂ ਸੜਕਾਂ ਮੇਰੇ ਰੋਡ ਰੋਲਰ ਦੀਆਂ ਬਣੀਆਂ ਹੋਈਆਂ ਹਨ। ਉਦੋਂ ਪਾਬਲਾ ਚੰਡੀਗੜ੍ਹ ਰਾਜਗਿਰੀ ਕਰਿਆ ਕਰਦਾ ਸੀ। ਅਸੀਂ ਉਹਨੂੰ ਜਗਤੂ ਜਗਤੂ ਕਹਿ ਕੇ ਬੁਲਾਇਆ ਕਰਦੇ ਸਾਂ। ਉਸ ਦਾ ਟੱਬਰ ਪਿੰਡ ਹੀ ਹੋਇਆ ਕਰਦਾ ਸੀ। ਆਪ ਉਹ ਮੇਰੇ ਨਾਲ ਮੇਰੀ ਸਰਕਾਰੀ ਰਿਹਾਇਸ਼ ਵਿੱਚ ਰਿਹਾ ਕਰਦਾ ਸੀ। ਮੈਨੂੰ ਕੁਆਟਰ ਮਿਲਿਆ ਹੋਇਆ ਸੀ। ਉਹ ਮੇਰੇ ਨਾਲ ਬਿਨਾਂ ਕਿਰਾਇਆ ਦਿੱਤੇ ਹੀ ਇੱਕ ਕਮਰੇ ਵਿੱਚ ਰਿਹਾ ਕਰਦਾ ਸੀ। ਟੱਬਰ ਮੇਰਾ ਵੀ ਪਿੰਡ ਹੀ ਸੀ। ਅਸੀਂ ਰੋਟੀ ਵੀ ਇਕੱਠੇ ਬਣਾ ਲਿਆ ਕਰਦੇ ਸਾਂ। ਉਹ ਰੋਟੀ ਬਣਾਉਣੀ ਜਾਣਦਾ ਸੀ। ਮੈਂ ਰਸੋਈ ਦੇ ਬਾਕੀ ਕੰਮ ਕਰਿਆ ਕਰਦਾ ਸਾਂ। ਉਸ ਨੇ ਆਪਣੇ ਦਿਹਾੜੀ ਦੇ ਨਾਲ ਨਾਲ ਇੱਕ ਹੋਰ ਕਿਰਤ ਵੀ ਸ਼ੁਰੂ ਕੀਤੀ ਹੋਈ ਸੀ।’’
‘‘ਐਨਾ ਹਿੰਮਤੀ ਸੀ ਉਹ?’’
‘‘ਅੰਕਲ, ਬੰਦੇ ਨੇ ਕਮਾਲ ਕਰ ਦਿੱਤੀ। ਦੇਖ ਲਓ, ਨਿੱਕੀ ਨਿੱਕੀ ਹਿੰਮਤ ਬੰਦੇ ਨੂੰ ਕਿੱਥੇ ਪਹੁੰਚਾ ਦਿੰਦੀ ਏ।’’
‘‘ਇੰਨਾ ਹੀ ਨਹੀਂ। ਹੋਰ ਸੁਣ। ਫਿਰ ਇਹਨੇ ਇੱਕ ਜ਼ਮੀਨੀ ਪਲਾਟ 15 ਸੈਕਟਰ ਵਿੱਚ ਲੈ ਲਿਆ। ਇਹ ਪਲਾਟ ਯੂਨੀਵਰਸਿਟੀ ਵੱਲ ਦੇ ਪਾਸੇ ਨੂੰ ਹੈ। ਇਹ ਓਹੀ ਹੈ ਜਿਹਦੇ ਵਿੱਚ ਤੂੰ ਇੱਕ ਮਹੀਨੇ ਲਈ ਰਹਿਣਾ ਹੈ। ਇਸ ਪਲਾਟ ਨੂੰ ਕੋਠੀ ਦਾ ਰੂਪ ਵੀ ਜਗਤੂ ਨੇ ਇਵੇਂ ਹੀ ਦਿੱਤਾ ਸੀ। ਹੁਣ ਉਹ ਦੋ ਕੋਠੀਆਂ ਦਾ ਮਾਲਕ ਏ ਤੇ ਜਗਤ ਸਿੰਘ ਪਾਬਲਾ ਕਹਿਲਾਉਂਦਾ ਏ। 35 ਸੈਕਟਰ ਵਾਲੀ ਕੋਠੀ ਦੇ ਇੱਕ ਹਿੱਸੇ ਵਿੱਚ ਉਸ ਦਾ ਮੁੰਡਾ ਹਰਜਿੰਦਰ ਸਿੰਘ ਪਾਬਲਾ ਰਹਿੰਦਾ ਏ। ਹਰਜਿੰਦਰ 29 ਸੈਕਟਰ ਵਾਲੀ ਇੰਡੋ ਸਵਿਸ ਇੰਸਟੀਚਿਊਟ ਵਿੱਚ ਪੜ੍ਹਾਉਂਦਾ ਏ। ਆਪ ਜਗਤ ਸਿੰਘ ਹੁਣ ਪਿੰਡ ਹੀ ਰਹਿੰਦਾ ਏ।’’
‘‘ਅੰਕਲ, ਬਹੁਤ ਮਿਹਰਬਾਨੀ, ਤੁਸੀਂ ਮੇਰੀ ਰਿਹਾਇਸ਼ ਦਾ ਪ੍ਰਬੰਧ ਕਰ ਦਿੱਤਾ। ਹੋਰ ਤੁਹਾਡੀ ਸਿਹਤ ਕਿਵੇਂ ਏ? ਤੁਹਾਡੀ ਨੌਕਰੀ ਕਿਵੇਂ?’’
‘‘ਸਿਹਤ ਠੀਕ ਏ। ਮੈਂ ਤਾਂ ਹੁਣ ਸੇਵਾਮੁਕਤੀ ਦੇ ਨੇੜੇ ਹੀ ਹਾਂ। ਮਹਿਕਮੇ ਵਿੱਚ ਮੇਰੇ ਕੁਝ ਮਿੱਤਰ ਹਨ ਜਿਵੇਂ ਰੌਕ ਗਾਰਡਨ ਵਾਲਾ ਨੇਕ ਚੰਦ ਤੇ ਰੋਡ ਇੰਸਪੈਕਟਰ ਸਰਵਣ ਸਿੰਘ। ਬਸ ਇਨ੍ਹਾਂ ਦੀ ਸੰਗਤ ਵਿੱਚ ਸਮਾਂ ਗੁਜ਼ਾਰ ਛੱਡੀਦਾ ਏ।’’
‘‘ਅੰਕਲ, ਨੇਕ ਚੰਦ ਤੁਹਾਡਾ ਵਾਕਫ਼ ਏ?’’
‘‘ਵਾਕਫ਼ ਹੀ ਨਹੀਂ, ਉਹ ਤਾਂ ਮੇਰਾ ਮਿੱਤਰ ਵੀ ਏ। ਰੌਕ ਗਾਰਡਨ ਤਾਂ ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਲੋਕਾਂ ਲਈ ਖੋਲ੍ਹਿਆ ਗਿਆ ਸੀ।’’
‘‘ਮੈਂ ਨੇਕ ਚੰਦ ਨੂੰ ਮਿਲ ਸਕਦਾ ਹਾਂ? ਤੁਹਾਨੂੰ ਪਤਾ ਏ ‘ਅੰਗਰੇਜ਼ੀ ਟ੍ਰਿਬਿਊਨ’ ਨੇ ਮੇਰੀਆਂ ਪੰਜ ਕਹਾਣੀਆਂ ਤੇ 4 ਲੇਖ ਛਾਪੇ ਹਨ। ਸਭ ਤੋਂ ਪਹਿਲੀ ਕਹਾਣੀ ‘ਆਫੀਸ਼ੀਅਲ ਟੂਰ’ ਨਵੰਬਰ 1983 ਨੂੰ ਛਪੀ ਸੀ। ਉਹ ਮੈਂ ਤੁਹਾਨੂੰ ਇੱਕ ਵਾਰ ਦਿਖਾਈ ਵੀ ਸੀ। ਮੈਂ ਨੇਕ ਚੰਦ ’ਤੇ ਇੱਕ ਲੇਖ ਲਿਖਣਾ ਚਾਹੁੰਦਾ ਹਾਂ। ਕਿਸ ਪ੍ਰਕਾਰ ਦਾ ਬੰਦਾ ਏ ਉਹ?’’
‘‘ਉਹ ਤਾਂ ਸੱਚਮੁੱਚ ਹੀ ਨੇਕ ਆਦਮੀ ਏ। ਮੈਂ ਉਹਨੂੰ ਪਿਛਲੇ 20 ਸਾਲਾਂ ਤੋਂ ਜਾਣਦਾ ਹਾਂ। ਉਹ ਗੁਪਤ ਤੌਰ ’ਤੇ ਪੱਥਰਾਂ ਅਤੇ ਟੁੱਟੀਆਂ ਭੱਜੀਆਂ ਚੀਜ਼ਾਂ ਦਾ ਕਲਾ ਦਾ ਨਮੂਨਾ ਤਿਆਰ ਕਰਦਾ ਸੀ। ਵੈਸੇ ਉਹ ਸਾਡੇ ਮਹਿਕਮੇ ਵਿੱਚ ਨੌਕਰੀ ਕਰਦਾ ਸੀ। ਬਹੁਤ ਸਮਾਂ ਤਾਂ ਕਿਸੇ ਨੂੰ ਪਤਾ ਵੀ ਨਹੀਂ ਲੱਗਾ ਕਿ ਉਹ ਕੀ ਬਣਾ ਰਿਹਾ ਸੀ।’’
‘‘ਕੀ ਉਸ ਨੇ ਤੁਹਾਡੇ ਨਾਲ ਵੀ ਕਦੀ ਗੱਲ ਨਹੀਂ ਕੀਤੀ?’’
‘‘ਨਾ ਜੀ, ਨਾ। ਉਹ ਚੁੱਪ ਹੀ ਰਿਹਾ ਉੱਪਰੋਂ ਸ਼ਿਵਾਲਕ ਦੀਆਂ ਪਹਾੜੀਆਂ ’ਚੋਂ ਉਹ ਨਿੱਕ ਸੁੱਕ ਇਕੱਠਾ ਕਰਕੇ ਲਿਆਉਂਦਾ ਰਿਹਾ ਤੇ ਇੱਥੇ ਦਰੱਖਤਾਂ ਦੇ ਝੁੰਡ ਅੰਦਰ ਆਪਣੀ ਕਾਰੀਗਰੀ ਦਾ ਨਮੂਨਾ ਤਿਆਰ ਕਰਦਾ ਰਿਹਾ। ਆਖਰਕਾਰ ਜਦੋਂ ਇਹ ਨਮੂਨਾ ਮਹਿਕਮੇ ਨੂੰ ਪਤਾ ਲੱਗਾ ਤਾਂ ਮਹਿਕਮਾ ਹੈਰਾਨ ਹੋ ਗਿਆ। ਲੋਕ ਹੈਰਾਨ ਹੋ ਗਏ ਉਸ ਦੀਆਂ ਕਲਾਕ੍ਰਿਤਾਂ ਨੂੰ ਦੇਖ ਕੇ।’’
‘‘ਮੈਂ ਸੁਣਿਆ ਹੈ ਕਿ ਨੇਕ ਚੰਦ ਨੇ ਆਪਣੀ ਇਸ ਕਲਾਕ੍ਰਿਤ ਨੂੰ 18 ਸਾਲ ਛੁਪਾਈ ਛੱਡਿਆ। ਉਦੋਂ 1976 ਵਿੱਚ ਇਸ ਕਲਾ ਦੇ ਨਮੂਨੇ ਦਾ ਮਹਿਕਮੇ ਨੂੰ ਪਤਾ ਲੱਗਾ ਸੀ। ਉਦੋਂ ਇਹ 12 ਏਕੜ ਵਿੱਚ ਫੈਲਿਆ ਪੱਥਰ ਦੀਆਂ ਕਲਾਕ੍ਰਿਤਾਂ ਦਾ ਨਮੂਨਾ ਸੀ। ਤੁਹਾਨੂੰ ਯਾਦ ਹੋਣਾ। ਜਦੋਂ ਮੈਂ ਤੁਹਾਨੂੰ ਨਾਲ ਲੈ ਕੇ ਇੱਕ ਵਾਰ ਨੇਕ ਚੰਦ ਨੂੰ ਉਸ ਦੇ ਰੌਕ ਗਾਰਡਨ ਵਿੱਚ ਸਥਿਤ ਦਫ਼ਤਰ ਵਿੱਚ ਮਿਲਿਆ ਵੀ ਸੀ।’’
‘‘ਮੈਨੂੰ ਯਾਦ ਏ ਪੂਰੀ ਤਰ੍ਹਾਂ। ਤੁਸੀਂ ਨੇਕ ਚੰਦ ’ਤੇ ਕੁਝ ਲਿਖਣਾ ਚਾਹੁੰਦੇ ਸੀ। ਫਿਰ ਲਿਖਿਆ ਸੀ ਜਾਂ ਨਹੀਂ?’’
‘‘ਅੰਕਲ ਜਦ ਮੈਂ ਨੇਕ ਚੰਦ ਦੇ ਦਫ਼ਤਰ ਅੰਦਰ ਗਿਆ ਸੀ ਤਾਂ ਉਹ ਬੈਠੇ ਕੋਈ ਕਾਗਜ਼ ਫਰੋਲ ਰਹੇ ਸਨ। ਮੈਨੂੰ ਉਨ੍ਹਾਂ ਨੇ ਬੜੇ ਪਿਆਰ ਨਾਲ ਬੁਲਾਇਆ ਸੀ। ਫਿਰ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਉਨ੍ਹਾਂ ਬਾਰੇ ਕੋਈ ਲੇਖ ਲਿਖ ਕੇ ਅਖ਼ਬਾਰ ਵਿੱਚ ਦੇਣਾ ਚਾਹੁੰਦਾ ਹਾਂ ਪ੍ਰੰਤੂ ਉਹ ਇੰਨੇ ਭਾਗਵਾਦੀ ਸਨ ਕਿ ਕਹਿਣ ਲੱਗੇ, ‘‘ਵੀਰ ਜੀ! ਤੁਹਾਡਾ ਮੇਰੇ ਪਾਸ ਮਿਲਣ ਆਉਣਾ ਮੈਨੂੰ ਬੜਾ ਚੰਗਾ ਲੱਗਾ। ਮੈਂ ਬਹੁਤੇ ਦੁਨਿਆਵੀ ਲੇਖਾਂ ਵਿੱਚ ਯਕੀਨ ਨਹੀਂ ਰੱਖਦਾ। ਬੰਦਾ ਜੋ ਕੁਝ ਕਰਦਾ ਏ ਉਹ ਰੱਬ ਦੇ ਘਰ ਵਿੱਚ ਦਰਜ ਹੁੰਦਾ ਰਹਿੰਦਾ ਏ। ਮੈਂ ਦੁਨਿਆਵੀ ਸ਼ੁਹਰਤ ਮਗਰ ਬਹੁਤਾ ਨਹੀਂ ਪੈਂਦਾ।’’ ਇੰਝ ਕਹਿ ਕੇ ਉਨ੍ਹਾਂ ਨੇ ਮੈਨੂੰ ਇਵੇਂ ਨਿਰਉੱਤਰ ਜਿਹਾ ਕਰ ਦਿੱਤਾ ਕਿ ਮੈਂ ਉਨ੍ਹਾਂ ਦੀ ਇੰਟਰਵਿਊ ਲੈਣ ’ਤੇ ਬਹੁਤਾ ਜ਼ੋਰ ਨਹੀਂ ਪਾ ਸਕਿਆ। ਮੈਨੂੰ ਉਨ੍ਹਾਂ ਚਾਹ ਪਿਆਈ ਸੀ। ਜਦੋਂ ਤੁਸੀਂ ਜਿੱਧਰ ਕਿਤੇ ਗਏ ਸੀ ਉੱਧਰੋਂ ਵਾਪਸ ਆ ਗਏ ਸੀ। ਉਦੋਂ ਤੁਹਾਡੇ ਪਾਸ ਸਾਈਕਲ ਹੀ ਹੋਇਆ ਕਰਦਾ ਸੀ। ਤੁਸੀਂ ਸਾਈਕਲ ਦੇ ਹੈਂਡਲ ਨਾਲ ਕਈ ਸਾਰੇ ਝੋਲੇ ਲਟਕਾ ਕੇ ਰੱਖਦੇ ਹੁੰਦੇ ਸੀ। ਕੀ ਤੁਹਾਨੂੰ ਯਾਦ ਏ? ਮੋਟਰਸਾਈਕਲ ਤਾਂ ਤੁਸੀਂ ਕਈ ਸਾਲ ਬਾਅਦ ਲਿਆ ਸੀ।’’
‘‘ਮੈਨੂੰ ਸਭ ਯਾਦ ਏ। ਭਾਵੇਂ ਮੈਂ ਹੁਣ ਬੁੱਢਾ ਹੋ ਗਿਆ ਹਾਂ ਜਵਾਨੀ ਦੀਆਂ ਗੱਲਾਂ ਕਦੀ ਨਹੀਂ ਭੁੱਲਦੀਆਂ।’’
‘‘ਤੁਸੀਂ ਮੈਨੂੰ ਦੋ ਬੰਦਿਆਂ ਤੋਂ ਜਾਣੂ ਕਰਵਾਇਆ ਸੀ: ਜਗਤ ਸਿੰਘ ਪਾਬਲਾ ਤੇ ਨੇਕ ਚੰਦ ਤੋਂ। ਦੋਵੇਂ ਹੀ ਆਪਣੀ ਕਿਸਮ ਦੀਆਂ ਵਿਲੱਖਣ ਸ਼ਖ਼ਸੀਅਤਾਂ ਸਨ, ਮਿਹਨਤ ਤੇ ਲਗਨ ਦੇ ਪੁੰਜ, ਸ਼ਾਇਦ ਦੋਹਾਂ ਦੀ ਬਰਾਦਰੀ ਵੀ ਇੱਕ ਹੀ ਸੀ। ਤੁਸੀਂ ਚੰਡੀਗੜ੍ਹ ਵਿੱਚ ਰਹਿੰਦਿਆਂ ਨੇ ਕਈ ਪ੍ਰਕਾਰ ਦੇ ਬੰਦਿਆਂ ਨਾਲ ਨੇੜਤਾ ਕਾਇਮ ਕੀਤੀ ਹੋਈ ਹੁੰਦੀ ਸੀ। ਤੁਹਾਨੂੰ ਯਾਦ ਏ ਜਦ ਮੈਂ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਤਾਂ ਤੁਸੀਂ ਮੈਨੂੰ ਇੱਕ ਅਜੀਬ ਪ੍ਰਕਾਰ ਦਾ ਬੰਦਾ ਲੱਭ ਕੇ ਪ੍ਰਬੰਧਕੀ ਬਲਾਕ ’ਚੋਂ ਪੈਸਿਆਂ ਦਾ ਭੁਗਤਾਨ ਵੀ ਕਰਵਾਇਆ ਸੀ। ਮੈਨੂੰ ਐੱਮਏ ਵਿੱਚ ਵਜ਼ੀਫਾ ਮਿਲਦਾ ਹੁੰਦਾ ਸੀ। ਇੱਕ ਵਾਰ ਮੇਰੇ ਵਜ਼ੀਫੇ ਦਾ ਭੁਗਤਾਨ ਲੇਟ ਹੋਈ ਜਾ ਰਿਹਾ ਸੀ। ਮੈਨੂੰ ਪੈਸਿਆਂ ਦੀ ਸਖ਼ਤ ਜ਼ਰੂਰਤ ਸੀ। ਤੁਹਾਡਾ ਇੱਕ ਨਿਹੰਗ ਸਿੰਘ ਮਿੱਤਰ ਹੋਇਆ ਕਰਦਾ ਸੀ।’’
‘‘ਕਮਾਲ ਕਰਤੀ, ਤੂੰ ਤਾਂ। ਮੈਨੂੰ ਨਿਹੰਗ ਨਿਧਾਨ ਸਿੰਘ ਯਾਦ ਕਰਾ ਦਿੱਤਾ। ਉਹ ਬੜੀ ਪਹੁੰਚੀ ਹੋਈ ਹਸਤੀ ਸੀ। ਹਿੰਦੂ ਵੀਸੀ ਵੀ ਉਹਨੂੰ ਮੰਨਦਾ ਸੀ। ਵੀਸੀ ਉਹਦਾ ਕਹਿਣਾ ਕਦੀ ਨਹੀਂ ਸੀ ਮੋੜਦਾ।’’
‘‘ਤੁਸੀਂ ਮੈਨੂੰ ਉਹਦੇ ਨਾਲ ਲੈ ਕੇ ਵੀਸੀ ਕੋਲ ਗਏ ਸੀ। ਵੀਸੀ ਨੇ ਇੱਕ ਦਫ਼ਤਰ ਸੁਪਰਡੈਂਟ ਦੇ ਨਾਮ ’ਤੇ ਚਿੱਟ ਦਿੱਤੀ ਸੀ। ਆਪਾਂ ਜਾ ਕੇ ਉਹ ਚਿੱਟ ਸੁਪਰਡੈਂਟ ਮਹਿਰਾ ਸਾਹਿਬ ਨੂੰ ਦੇ ਦਿੱਤੀ ਸੀ। ਪੈਸਿਆਂ ਦਾ ਭੁਗਤਾਨ ਦੂਜੇ ਦਿਨ ਹੀ ਹੋ ਗਿਆ ਸੀ। ਤੁਸੀਂ ਸੱਚ ਮੁੱਚ ਹੀ ਲੋਕ ਸੇਵਕ ਹੋ। ਪੈਰ ਪੈਰ ’ਤੇ ਲੋਕਾਂ ਦੇ ਕੰਮ ਆਉਂਦੇ ਹੋ। ਤੁਸੀਂ ਵੀ ਤੇ ਸਰਦਾਰ ਨਿਧਾਨ ਸਿੰਘ ਵੀ ਮਨੁੱਖਤਾ ਦੀ ਸੇਵਾ ਨਾਲ ਓਵੇਂ ਹੀ ਜੁੜੇ ਹੋਏ ਹੋ ਜਿਵੇਂ ਪਾਬਲਾ ਸਾਹਿਬ ਸਨ। ਨੇਕ ਚੰਦ ਤਾਂ ਕਾਰੀਗਰੀ ਦਾ ਐਸਾ ਸ਼ਾਹਅਸਵਾਰ ਹੈ ਕਿ ਉਸ ਨੇ ਰੌਕ ਗਾਰਡਨ ਬਣਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ।’’
‘‘ਇਸ ਤੋਂ ਵੱਡੀ ਹੋਰ ਕੀ ਖ਼ੁਸ਼ੀ ਦੀ ਗੱਲ ਹੋ ਸਕਦੀ ਹੈ ਕਿ ਮੈਨੂੰ ਤੁਸੀਂ ਕਦਰਦਾਨ ਟੱਕਰ ਗਏ। ਮੇਰੇ ਪਾਸ ਤੁਹਾਡਾ ਸ਼ੁਕਰਾਨਾ ਕਰਨ ਲਈ ਸ਼ਬਦ ਨਹੀਂ ਹਨ।’’
‘‘ਬਹੁਤ ਮਿਹਰਬਾਨੀ ਜੀ।’’
ਸੰਪਰਕ: 0437641033