ਪੁਲੀਸ ਚੈਕਿੰਗ ਦੌਰਾਨ ਜੀਟੀ ਰੋਡ ’ਤੇ ਤਿੰਨ ਵਾਹਨ ਭਿੜੇ
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਜੀਟੀ ਰੋਡ ਤੇ ਮੌਹੜਾ ਅਨਾਜ ਮੰਡੀ ਦੇ ਸਾਹਮਣੇ ਪੁਲੀਸ ਚੈਕਿੰਗ ਦੌਰਾਨ ਦਿੱਲੀ ਤੋਂ ਚੰਡੀਗੜ੍ਹ ਜਾ ਰਹੀ ਮਰਸਡੀਜ਼, ਐਮਜੀ ਹੈਕਟਰ ਅਤੇ ਕੈਂਟਰ ਦੀ ਆਪਸ ਵਿਚ ਟੱਕਰ ਹੋ ਗਈ। ਮੌਕੇ ‘ਤੇ ਮੌਜੂਦ ਟਰੱਕ ਡਰਾਈਵਰਾਂ ਅਤੇ ਪੁਲੀਸ ਕਰਮਚਾਰੀਆਂ ਨੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ। ਹਾਦਸੇ ਦੌਰਾਨ ਕਾਰ ਸਵਾਰ ਪਰਿਵਾਰ ਵਾਲ-ਵਾਲ ਬਚ ਗਿਆ। ਪੁਲੀਸ ਅਨੁਸਾਰ ਜੀਟੀ ਰੋਡ ਤੇ ਮੌਹੜਾ ਅਨਾਜ ਮੰਡੀ ਦੇ ਸਾਹਮਣੇ ਚੈਕਿੰਗ ਚੱਲ ਰਹੀ ਸੀ। ਪੁਲੀਸ ਨੇ ਦਿੱਲੀ ਨੰਬਰ ਦੀ ਮਰਸਡੀਜ਼ ਨੂੰ ਤੇਜ਼ ਰਫ਼ਤਾਰ ਕਰਕੇ ਰੋਕਿਆ ਹੋਇਆ ਸੀ। ਇਸ ਦੌਰਾਨ ਪਿੱਛੋਂ ਇਕ ਕੈਂਟਰ ਆਇਆ, ਜਿਸ ਨੇ ਪਹਿਲਾਂ ਐਮਜੀ ਹੈਕਟਰ ਨੂੰ ਪਿੱਛੋਂ ਟੱਕਰ ਮਾਰੀ ਅਤੇ ਫਿਰ ਮਰਸਡੀਜ਼ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ। ਚਸ਼ਮਦੀਦ ਟਰੱਕ ਡਰਾਈਵਰਾਂ ਅਨੁਸਾਰ ਇਹ ਹਾਦਸਾ ਪੁਲੀਸ ਦੀ ਲਾਪ੍ਰਵਾਹੀ ਨਾਲ ਵਾਪਰਿਆ। ਚੈਕਿੰਗ ਦੇ ਦੌਰਾਨ ਦੋ ਪੁਲੀਸ ਕਰਮਚਾਰੀਆਂ ਨੇ ਸੜਕ ‘ਤੇ ਅੱਗੇ ਆ ਕੇ ਕੈਂਟਰ ਨੂੰ ਅਚਾਨਕ ਹੱਥ ਕਰਕੇ ਰੁਕਣ ਦਾ ਇਸ਼ਾਰਾ ਕੀਤਾ ਸੀ। ਜਿਉਂ ਹੀ ਡਰਾਈਵਰ ਨੇ ਕੈਂਟਰ ਨੂੰ ਸਾਈਡ ਵਿਚ ਦਬਾਇਆ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆਈਆਂ ਗੱਡੀਆਂ ਨਾਲ ਟੱਕਰ ਹੋ ਗਈ।ਐਸਐਚਓ ਟਰੈਫਿਕ ਜੁਗਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ। ਹਾਦਸਾਗ੍ਰਸਤ ਵਾਹਨਾਂ ਨੂੰ ਕਰੇਨ ਦੀ ਮਦਦ ਨਾਲ ਸੜਕ ਤੋਂ ਹਟਾ ਕੇ ਆਵਾਜਾਈ ਸੁਚਾਰੂ ਕੀਤੀ ਗਈ।