ਤਿੰਨ ਗੱਡੀਆਂ ਟਕਰਾਈਆਂ; ਦਰਜਨ ਵਿਅਕਤੀ ਜ਼ਖ਼ਮੀ
ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਫਰਵਰੀ
ਲਹਿਰਾਗਾਗਾ-ਸੁਨਾਮ ਮੁੱਖ ਰੋਡ ’ਤੇ ਪੈਟਰੋਲ ਪੰਪ ਦੇ ਸਾਹਮਣੇ ਤਿੰਨ ਗੱਡੀਆਂ ’ਚ ਟੱਕਰ ਹੋਣ ਕਰਕੇ ਦਰਜਨ ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। ਤਿੰਨੋਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਪਿੰਡ ਭੈਣੀ ਗੰਢੂਆਂ ਨਾਲ ਸਬੰਧਤ ਦੋ ਬੱਚਿਆਂ ਸਣੇ ਛੇ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਹਿਰਾਗਾਗਾ ਦਾਖਲ ਕਰਵਾਇਆ ਗਿਆ ਜਿੱਥੋਂ ਉਨ੍ਹਾਂ ਦੀ ਹਾਲਤ ਦੇਖਦਿਆਂ ਉਨ੍ਹਾਂ ਨੂੰ ਸਿਵਲ ਹਸਪਤਾਲ ਸੁਨਾਮ/ਸੰਗਰੂਰ ਰੈਫਰ ਕਰ ਦਿੱਤਾ। ਬਾਅਦ ਦੁਪਹਿਰ ਵਾਪਰੇ ਹਾਦਸੇ ਵਿੱਚ ਸਵਿੱਫਟ ਕਾਰ , ਹੋਂਡਾ ਸਿਟੀ ਅਤੇ ਫੋਰਸ ਟਰੈਵਲਰ ਗੱਡੀਆਂ ਵਿੱਚ ਟੱਕਰ ਹੋ ਗਈ। ਹੋਂਡਾ ਸਿਟੀ ਚਾਲਕ ਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਗੱਡੀ ਇੱਕ ਪਾਸੇ ਖੜ੍ਹੀ ਸੀ ਤਾਂ ਪਿੱਛੋਂ ਟਰੈਵਲਰ ਗੱਡੀ ਆਈ ਤਾਂ ਉਸ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਸਾਹਮਣੇ ਆ ਰਹੀ ਸਵਿੱਫਟ ਕਾਰ ਵਿੱਚ ਸਿੱਧਾ ਟਕਰਾ ਗਈ। ਇਸ ਕਾਰਨ ਤਿੰਨੋਂ ਗੱਡੀਆਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਅਤੇ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਸਿਟੀ ਪੁਲੀਸ ਚੌਕੀ ਦੇ ਥਾਣੇਦਾਰ ਜਸਵੀਰ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਪੁਲੀਸ ਦੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।