ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਿੰਨ ਬੇਰੁਜ਼ਗਾਰ ਪੀਟੀਆਈ ਅਧਿਆਪਕ ਟੈਂਕੀ ’ਤੇ ਚੜ੍ਹੇ

08:33 AM Oct 09, 2024 IST
ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ ਨਾਅਰੇਬਾਜ਼ੀ ਕਰਦੇ ਹੋਏ ।

ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਅਕਤੂਬਰ
ਨਵੀਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਤਿੰਨ ਬੇਰੁਜ਼ਗਾਰ ਪੀਟੀਆਈ ਅਧਿਆਪਕ ਅੱਜ ਸਥਾਨਕ ਵਿਜੀਲੈਂਸ ਦਫ਼ਤਰ ਨੇੜੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਇਸ ਦੌਰਾਨ ਉਨ੍ਹਾਂ ਦੇ ਸਾਥੀਆਂ ਵੱਲੋਂ ਟੈਂਕੀ ਹੇਠਾਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀ 2021 ਵਿੱਚ ਪੀਟੀਆਈ ਅਧਿਆਪਕਾਂ ਦੀਆਂ ਕੱਢੀਆਂ 2000 ਆਸਾਮੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕਰ ਰਹੇ ਸਨ। ਅੱਜ ਯੂਨੀਅਨ ਨਾਲ ਸਬੰਧਤ ਤਿੰਨ ਬੇਰੁਜ਼ਗਾਰ ਪੀਟੀਆਈ ਅਧਿਆਪਕ ਗੁਰਸੇਵਕ ਸਿੰਘ ਫਾਜ਼ਿਲਕਾ, ਦਵਿੰਦਰ ਸਿੰਘ ਫਾਜ਼ਿਲਕਾ ਅਤੇ ਬਹਾਦਰ ਸਿੰਘ ਸੰਗਰੂਰ ਸਥਾਨਕ ਬੱਸ ਅੱਡੇ ’ਤੇ ਵਿਜੀਲੈਂਸ ਦਫ਼ਤਰ ਨੇੜੇ ਸਥਿਤ ਕਰੀਬ ਸੌ ਫੁੱਟ ਉੱਚੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ, ਜਦੋਂਕਿ ਸਾਥੀ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਹੇਠਾਂ ਰੋਸ ਧਰਨਾ ਲਗਾ ਦਿੱਤਾ। ਸੂਚਨਾ ਮਿਲਦਿਆਂ ਹੀ ਡੀਐੱਸਪੀ ਸੁਖਦੇਵ ਸਿੰਘ ਅਤੇ ਥਾਣਾ ਸਿਟੀ ਇੰਚਾਰਜ ਮਨਪ੍ਰੀਤ ਸਿੰਘ ਮੌਕੇ ’ਤੇ ਪੁੱਜ ਗਏ। ਇਸ ਮੌਕੇ ਨਵੀਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਅਮਨਦੀਪ ਕੰਬੋਜ ਨੇ ਕਿਹਾ ਕਿ ਪਿਛਲੀ ਸਰਕਾਰ ਨੇ 16 ਦਸੰਬਰ 2021 ਵਿੱਚ ਪੀਟੀਆਈ ਅਧਿਅਪਕਾਂ ਦੀਆਂ 2000 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਪਰ ਅਜੇ ਤੱਕ ਭਰਤੀ ਦਾ ਆਨਲਾਈਨ ਪੋਰਟਲ ਨਹੀਂ ਖੋਲ੍ਹਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਸਾਮੀਆਂ ਦੇ ਨਾਲ ਹੀ 5994 ਈਟੀਟੀ ਅਧਿਆਪਕਾਂ ਦੀਆਂ ਅਸਾਮੀਆਂ ਵੀ ਕੱਢੀਆਂ ਸਨ ਪਰ ਇਨ੍ਹਾਂ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਮਗਰੋਂ ਉਮੀਦਵਾਰਾਂ ਨੂੰ ਆਫ਼ਰ ਲੈਟਰ ਦਿੱਤੇ ਜਾ ਰਹੇ ਹਨ, ਜਦੋਂ ਕਿ ਪੀਟੀਆਈ ਅਧਿਆਪਕਾਂ ਦੀ ਭਰਤੀ ਸ਼ੁਰੂ ਹੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਅਤੇ ਸਰਕਾਰ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਵਾਅਦਾਖ਼ਿਲਾਫ਼ੀ ਤੋਂ ਬਿਨਾਂ ਕੁੱਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਜਿਹੇ ਰਵੱਈਏ ਤੋਂ ਦੁਖੀ ਹੋ ਕੇ ਬੇਰੁਜ਼ਗਾਰ ਅਧਿਆਪਕ ਟੈਂਕੀ ’ਤੇ ਚੜ੍ਹਨ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ 2008 ਮਗਰੋਂ ਪੀਟੀਆਈ ਅਧਿਆਪਕਾਂ ਦੀ ਕੋਈ ਭਰਤੀ ਨਹੀਂ ਹੋਈ ਅਤੇ ਕਰੀਬ 25 ਹਜ਼ਾਰ ਉਮੀਦਵਾਰ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਹੁੰਦੀ ਉਦੋਂ ਤੱਕ ਟੈਂਕੀ ਸੰਘਰਸ਼ ਜਾਰੀ ਰਹੇਗਾ।

Advertisement

Advertisement