For the best experience, open
https://m.punjabitribuneonline.com
on your mobile browser.
Advertisement

ਲਸ਼ਕਰ ਕਮਾਂਡਰ ਸਣੇ ਤਿੰਨ ਦਹਿਸ਼ਤਗਰਦ ਹਲਾਕ

08:13 AM Nov 03, 2024 IST
ਲਸ਼ਕਰ ਕਮਾਂਡਰ ਸਣੇ ਤਿੰਨ ਦਹਿਸ਼ਤਗਰਦ ਹਲਾਕ
ਅਤਿਵਾਦੀਆਂ ਨਾਲ ਮੁਕਾਬਲੇ ’ਚ ਜ਼ਖ਼ਮੀ ਹੋਏ ਜਵਾਨ ਨੂੰ ਲਿਜਾਂਦੇ ਹੋਏ ਸੁਰੱਖਿਆ ਕਰਮੀ। -ਫੋਟੋ: ਪੀਟੀਆਈ
Advertisement

ਸ੍ਰੀਨਗਰ, 2 ਨਵੰਬਰ
ਸ੍ਰੀਨਗਰ ਦੇ ਖਾਨਯਾਰ ਇਲਾਕੇ ’ਚ ਅੱਜ ਸਵੇਰੇ ਮੁਕਾਬਲੇ ’ਚ ਲਸ਼ਕਰ-ਏ-ਤਾਇਬਾ ਦਾ ਕਮਾਂਡਰ ਮਾਰਿਆ ਗਿਆ, ਜਦਕਿ ਚਾਰ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚ ਸੀਆਰਪੀਐੱਫ ਤੇ ਪੁਲੀਸ ਦੇ ਦੋ-ਦੋ ਜਵਾਨ ਸ਼ਾਮਲ ਹਨ। ਮਾਰਿਆ ਗਿਆ ਲਸ਼ਕਰ ਦਾ ਕਮਾਂਡਰ ਪਿਛਲੇ ਕਈ ਸਾਲਾਂ ਤੋਂ ਘਾਟੀ ’ਚ ਸਰਗਰਮ ਸੀ। ਇਸੇ ਦੌਰਾਨ ਅਨੰਤਨਾਗ ਜ਼ਿਲ੍ਹੇ ’ਚ ਹੋਏ ਵੱਖਰੇ ਮੁਕਾਬਲੇ ’ਚ ਸੁਰੱਖਿਆ ਬਲਾਂ ਨੇ ਦੋ ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ।
ਸੁਰੱਖਿਆ ਬਲਾਂ ਨੇ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਮਗਰੋਂ ਖਾਨਿਆਰ ਇਲਾਕੇ ’ਚ ਅੱਜ ਸਵੇਰੇ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਈਆਂ, ਜਿਸ ਮਗਰੋਂ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਤਲਾਸ਼ੀ ਮੁਹਿੰਮ ਮੁਕਾਬਲੇ ’ਚ ਤਬਦੀਲ ਹੋ ਗਈ। ਦੋਵੇਂ ਪਾਸਿਓਂ ਹੋਈ ਗੋਲੀਬਾਰੀ ’ਚ ਸੀਆਰਪੀਐੱਫ ਦੇ ਦੋ ਅਤੇ ਪੁਲੀਸ ਦੇ ਦੋ ਜਵਾਨ ਜ਼ਖ਼ਮੀ ਹੋ ਗਏ ਹਨ ਜਦਕਿ ਇੱਕ ਅਤਿਵਾਦੀ ਮਾਰ-ਮੁਕਾਇਆ ਗਿਆ ਹੈ। ਮਾਰਿਆ ਗਿਆ ਅਤਿਵਾਦੀ ਪਾਕਿਸਤਾਨੀ ਸੀ। ਉਸ ਦੀ ਪਛਾਣ ਉਸਮਾਨ ਵਜੋਂ ਹੋਈ ਹੈ ਤੇ ਉਹ ਪਾਕਿਸਤਾਨੀ ਲਸ਼ਕਰ-ਏ-ਤਾਇਬਾ ਦਾ ਸਿਖਰਲਾ ਕਮਾਂਡਰ ਸੀ। ਪੁਲੀਸ ਨੇ ਦੱਸਿਆ ਕਿ ਉਸਮਾਨ ਪਿਛਲੇ ਕਈ ਸਾਲਾਂ ਤੋਂ ਘਾਟੀ ’ਚ ਸਰਗਰਮ ਸੀ ਅਤੇ ਕਈ ਹਮਲਿਆਂ ’ਚ ਸ਼ਾਮਲ ਸੀ। ਉਹ ਇੰਸਪੈਕਟਰ ਮਸਰੂਰ ਵਾਨੀ ਦੀ ਹੱਤਿਆ ’ਚ ਵੀ ਸ਼ਾਮਲ ਸੀ। ਉਸਮਾਨ ਦੇ ਮਾਰੇ ਜਾਣ ਨਾਲ ਜੰਮੂ ਕਸ਼ਮੀਰ ’ਚ ਲਸ਼ਕਰ ਨੂੰ ਵੱਡਾ ਝਟਕਾ ਲੱਗਾ ਹੈ। ਉਸਮਾਨ ਪਾਕਿਸਤਾਨ ਆਧਾਰਿਤ ਦਿ ਰੈਸਿਸਟੈਂਟ ਫਰੰਟ (ਟੀਆਰਐੱਫ) ਦੇ ਕਮਾਂਡਰ ਸਜਾਦ ਗੁਲ ਦਾ ਸੱਜਾ ਹੱਥ ਸੀ। ਜ਼ਖ਼ਮੀ ਜਵਾਨਾਂ ਨੂੰ ਸੈਨਾ ਦੇ 92 ਬੇਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ’ਚ ਮੁਹਿੰਮ ਜਾਰੀ ਹੈ। ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ’ਚ ਦੋ ਅਤਿਵਾਦੀ ਮਾਰੇ ਗਏ ਹਨ। ਇਹ ਮੁਕਾਬਲਾ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਸ਼ਾਂਗੁਸ-ਲਾਰਨੂ ਇਲਾਕੇ ’ਚ ਹਲਕਾਨ ਗਲੀ ਨੇੜੇ ਹੋਇਆ। ਮੁਕਾਬਲੇ ’ਚ ਦੋ ਅਤਿਵਾਦੀ ਮਾਰੇ ਗਏ ਹਨ, ਜਿਨ੍ਹਾਂ ’ਚੋਂ ਇੱਕ ਸਥਾਨਕ ਤੇ ਦੂਜਾ ਵਿਦੇਸ਼ੀ ਹੈ। ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਉਹ ਕਿਸ ਅਤਿਵਾਦੀ ਸਮੂਹ ਨਾਲ ਸਬੰਧਤ ਸਨ। ਇਸੇ ਤਰ੍ਹਾਂ ਬਾਂਦੀਪੁਰਾ ਜ਼ਿਲ੍ਹੇ ’ਚ ਅਤਿਵਾਦੀ ਗਤੀਵਿਧੀਆਂ ਦਿਖਾਈ ਦੇਣ ਮਗਰੋਂ ਅੱਜ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਸੈਨਾ ਦੀ ਸ੍ਰੀਨਗਰ ਸਥਿਤ ਚਿਨਾਰ ਕੋਰ ਨੇ ਲੰਘੀ ਦੇਰ ਸ਼ਾਮ ਕਿਹਾ ਕਿ ਸੈਨਾ ਨੇ ਉੱਤਰੀ ਕਸ਼ਮੀਰ ਦੇ ਬਾਂਦੀਪੁਰਾ ਦੇ ਪਨਾਰ ਇਲਾਕੇ ’ਚ ਸ਼ੱਕੀ ਗਤੀਵਿਧੀਆਂ ਦੇਖੀਆਂ। ਸੈਨਾ ਨੇ ਕਿਹਾ, ‘ਚੁਣੌਤੀ ਦਿੱਤੇ ਜਾਣ ’ਤੇ ਅਤਿਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਤੇ ਜੰਗਲ ਵੱਲ ਭੱਜ ਗਏ।’ ਸੈਨਾ ਨੇ ਕਿਹਾ ਕਿ ਅਤਿਵਾਦੀਆਂ ਦੀ ਭਾਲ ਲਈ ਇਲਾਕੇ ’ਚ ਮੁਹਿੰਮ ਜਾਰੀ ਹੈ। -ਪੀਟੀਆਈ

Advertisement

ਖਾਨਯਾਰ ’ਚ ਮੁਕਾਬਲੇ ਵਾਲੀ ਥਾਂ ’ਤੇ ਤਾਇਨਾਤ ਸੁਰੱਖਿਆ ਬਲਾਂ ਦੇ ਜਵਾਨ। -ਫੋਟੋ: ਏਐੱਨਆਈ

ਸੈਨਾ ਦੇ ਅਫਸਰ ਵੱਲੋਂ ਸੁਰੱਖਿਆ ਹਾਲਾਤ ਦੀ ਸਮੀਖਿਆ

ਜੰਮੂ: ਇੱਥੋਂ ਦੀ ਵ੍ਹਾਈਟ ਨਾਈਟ ਕੋਰ ਦੇ ਜਨਰਲ ਕਮਾਂਡਿੰਗ ਅਫਸਰ (ਜੀਓਸੀ) ਲੈਫਟੀਨੈਂਟ ਜਨਰਲ ਨਵੀਨ ਸਚਦੇਵਾ ਨੇ ਅੱਜ ਜੰਮੂ ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਰਾਜੌਰੀ ਦਾ ਦੌਰਾ ਕੀਤਾ ਅਤੇ ਸੁਰੱਖਿਆ ਹਾਲਾਤ ਤੇ ਜੰਗੀ ਤਿਆਰੀਆਂ ਦੀ ਸਮੀਖਿਆ ਕੀਤੀ। ਵਾਈਟ ਨਾਈਟ ਕੋਰ ਨੇ ਐਕਸ ’ਤੇ ਕਿਹਾ, ‘ਲੈਫਟੀਨੈਂਟ ਜਨਰਲ ਸਚਦੇਵਾ ਨਾਲ ਅਤਿਵਾਦ ਰੋਕੂ ਦਸਤੇ ‘ਰੋਮੀਓ’ ਦੇ ਕਮਾਂਡਿੰਗ ਜਨਰਲ ਆਫੀਸਰ ਵੀ ਰਾਜੌਰੀ ਸੈਕਟਰ ਦੇ ਸੌਂਗਰੀ ਗਏ ਸਨ।’ ਉਨ੍ਹਾਂ ਕਿਹਾ, ‘ਜੀਓਸੀ ਨੇ ਖਿੱਤੇ ’ਚ ਸ਼ਾਂਤੀ ਤੇ ਸੁਰੱਖਿਆ ਬਣਾਏ ਰੱਖਣ ਲਈ ਅਟੁੱਟ ਪ੍ਰਤੀਬੱਧਤਾ ਦੀ ਲੋੜ ’ਤੇ ਜ਼ੋਰ ਦਿੱਤਾ।’ -ਪੀਟੀਆਈ

Advertisement

ਜੰਮੂ-ਕਸ਼ਮੀਰ ’ਚ ਹਿੰਸਕ ਘਟਨਾਵਾਂ ਦੀ ਜਾਂਚ ਹੋਵੇ: ਫ਼ਾਰੂਕ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ (ਐੱਨਸੀ) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਜੰਮੂ-ਕਸ਼ਮੀਰ ਵਿਚ ਹਿੰਸਾ ਦੀਆਂ ਘਟਨਾਵਾਂ ਵਧਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, ‘ਮੈਨੂੰ ਇਸ ਬਾਰੇ ਸ਼ੱਕ ਹੈ, ਸਰਕਾਰ ਬਣਨ ਤੋਂ ਪਹਿਲਾਂ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਵਾਧਾ ਕਿਉਂ ਨਹੀਂ ਹੋਇਆ। ਇਸ ਦਾ ਪਤਾ ਲਗਾਉਣ ਲਈ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ ਕਿ ਇਨ੍ਹਾਂ ਘਟਨਾਵਾਂ ਲਈ ਕੌਣ ਜ਼ਿੰਮੇਵਾਰ ਹੈ।’ ਉਨ੍ਹਾਂ ਕਿਹਾ ਕਿ ਇਹ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਕੀ ਕਿਸੇ ਏਜੰਸੀ ਨੂੰ ਉਮਰ ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਨੂੰ ਅਸਥਿਰ ਕਰਨ ਦਾ ਕੰਮ ਸੌਂਪਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਅੱਜ ਦੇ ਖਨਿਆਰ ਮੁਕਾਬਲੇ ਵਿੱਚ ਮਾਰੇ ਗਏ ਦਹਿਸ਼ਤਗਰਦਾਂ ਨੂੰ ਜ਼ਿੰਦਾ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀ ਤਾਂਕਿ ਇਹ ਪਤਾ ਲਗਾਇਆ ਜਾਂਦਾ ਕਿ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦੀ ਕੌਣ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਸੈਰ ਸਪਾਟਾ ਪ੍ਰਫੁੱਲਤ ਹੋ ਰਿਹਾ ਸੀ ਅਤੇ ਲੋਕ ਆਪਣੇ ਕਾਰੋਬਾਰ ਅਤੇ ਰੋਜ਼ ਮਰ੍ਹਾ ਦੀਆਂ ਗਤੀਵਿਧੀਆਂ ਕਰਨ ਲਈ ਅੱਗੇ ਆ ਰਹੇ ਸਨ ਪਰ ਪਿਛਲੇ ਮਹੀਨੇ ਭਰ ਦੌਰਾਨ ਜੰਮੂ-ਕਸ਼ਮੀਰ ਵਿੱਚ ਕਈ ਥਾਈਂ ਦਹਿਸ਼ਤਗਰਦਾਂ ਨੇ ਹਮਲੇ ਕਰ ਕੇ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਹਿਸ਼ਤਗਰਦਾਂ ਨੇ 20 ਅਕਤੂਬਰ ਨੂੰ ਗੰਦਰਬਲ ਜ਼ਿਲ੍ਹੇ ਦੇ ਗਗਨਗੀਰ ਖੇਤਰ ਵਿੱਚ ਉਸਾਰੀ ਕੰਪਨੀ ਦੇ ਮਜ਼ਦੂਰਾਂ ਦੇ ਕੈਂਪ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਜਿਸ ਵਿਚ ਸੱਤ ਜਣੇ ਮਾਰੇ ਗਏ। ਗੁਲਮਰਗ ’ਚ 24 ਅਕਤੂਬਰ ਨੂੰ ਦਹਿਸ਼ਤਗਰਦਾਂ ਨੇ ਫੌਜ ਦੇ ਇਕ ਵਾਹਨ ’ਤੇ ਹਮਲਾ ਕੀਤਾ ਜਿਸ ਵਿਚ ਤਿੰਨ ਫੌਜੀ ਜਵਾਨ ਅਤੇ ਫੌਜ ਲਈ ਕੰਮ ਕਰਨ ਵਾਲੇ ਦੋ ਕੁਲੀ ਮਾਰੇ ਗਏ ਸਨ। -ਆਈਏਐੱਨਐੱਸ

ਦੇਸ਼ ਨੂੰ ਪਹਿਲ ਦੇਣ ਦੀ ਥਾਂ ਰਾਜਨੀਤੀ ਨੂੰ ਪਹਿਲ ਦੇ ਰਹੇ ਹਨ ਕੁਝ ਲੋਕ: ਭਾਜਪਾ

ਨਵੀਂ ਦਿੱਲੀ: ਫਾਰੂਕ ਅਬਦੁੱਲਾ ਵੱਲੋਂ ਬਡਗਾਮ ਦਹਿਸ਼ਤੀ ਹਮਲੇ ਦੀ ਜਾਂਚ ਦੀ ਮੰਗ ਕੀਤੇ ਜਾਣ ਤੋਂ ਬਾਅਦ ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਜੰਮੂ ਅਤੇ ਕਸ਼ਮੀਰ ਵਿੱਚ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ’ਤੇ ਨਿਸ਼ਾਨਾ ਸੇਧਦਿਆਂ ਸਾਬਕਾ ਮੁੱਖ ਮੰਤਰੀ ਦੇ ਬਿਆਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਰਾਜਨੀਤੀ ਕਰ ਰਹੇ ਹਨ ਅਤੇ ਭਾਰਤੀ ਫ਼ੌਜ ’ਤੇ ਦੋਸ਼ ਲਗਾ ਰਹੇ ਹਨ। ਅਜਿਹੇ ਸੰਵੇਦਨਸ਼ੀਲ ਮੁੱਦੇ ’ਤੇ ਦੇਸ਼ ਨੂੰ ਪਹਿਲ ਦੇਣ ਦੀ ਬਜਾਏ ਕੁਝ ਲੋਕ ਵੋਟ ਬੈਂਕ ਤੇ ਰਾਜਨੀਤੀ ਨੂੰ ਤਰਜੀਹ ਦੇ ਰਹੇ ਹਨ। ਭਾਜਪਾ ਆਗੂ ਨੇ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸ ਨੇ ਮੁੰਬਈ ਦਹਿਸ਼ਤੀ ਹਮਲਿਆਂ ’ਚ ਪਾਕਿਸਤਾਨ ਅਤੇ ਦਹਿਸ਼ਤਗਰਦਾਂ ਨੂੰ ਸਹਿਯੋਗ ਦੇਣ ਵਾਲਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

Advertisement
Author Image

Advertisement