ਪੌਪਕੌਰਨ ਲਈ ਤਿੰਨ ਟੈਕਸ ਦਰਾਂ ਬੇਤੁਕੀਆਂ: ਜੈਰਾਮ ਰਮੇਸ਼
ਨਵੀਂ ਦਿੱਲੀ, 22 ਦਸੰਬਰ
ਕਾਂਗਰਸ ਨੇ ਅੱਜ ਕਿਹਾ ਕਿ ਜੀਐੱਸਟੀ ਤਹਿਤ ਪੌਪਕੌਰਨ ਲਈ ਤਿੰਨ ਵੱਖ ਵੱਖ ਟੈਕਸ ਦਰਾਂ ‘ਬੇਤੁਕੀਆਂ’ ਹਨ ਅਤੇ ਇਸ ਨਾਲ ਸਿਰਫ਼ ਇਹ ਸਾਬਤ ਹੁੰਦਾ ਹੈ ਕਿ ਇਹ ਪ੍ਰਣਾਲੀ ਕਿੰਨੀ ਗੁੰਝਲਦਾਰ ਹੈ। ਪਾਰਟੀ ਨੇ ਸਵਾਲ ਕੀਤਾ ਕਿ ਕੀ ਮੋਦੀ ਸਰਕਾਰ ਜੀਐੱਸਟੀ 2.0 ਲਾਗੂ ਕਰਨ ਲਈ ਪੂਰਨ ਤਬਦੀਲੀ ਸ਼ੁਰੂ ਕਰਨ ਦਾ ਹੌਸਲਾ ਦਿਖਾਏਗੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਜੀਐੱਸਟੀ ਚੋਰੀ ਕਾਫੀ ਜ਼ਿਆਦਾ ਹੈ, ਇਨਪੁਟ ਟੈਕਸ ਕਰੈਡਿਟ ਧੋਖਾਧੜੀ ਆਮ ਗੱਲ ਹੈ ਅਤੇ ਜੀਐੱਸਟੀ ਪ੍ਰਣਾਲੀ ਨੂੰ ਟਿੱਚ ਜਾਣਨ ਲਈ ਸਥਾਪਤ ਫਰਜ਼ੀ ਕੰਪਨੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਉਨ੍ਹਾਂ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਜੀਐੱਸਟੀ ਤਹਿਤ ਪੌਪਕੌਰਨ ਲਈ ਤਿੰਨ ਵੱਖ ਵੱਖ ਟੈਕਸ ਸਲੈਬਾਂ ਦੇ ਬੇਤੁਕੇ ਫ਼ੈਸਲੇ ਨੇ ਸੋਸ਼ਲ ਮੀਡੀਆ ’ਤੇ ਮੀਮਜ਼ ਦੀ ਸੁਨਾਮੀ ਲਿਆ ਦਿੱਤੀ ਹੈ। ਇਹ ਇੱਕ ਗੰਭੀਰ ਮੁੱਦੇ ਨੂੰ ਸਾਹਮਣੇ ਲਿਆਉਂਦਾ ਹੈ। ਇੱਕ ਅਜਿਹਾ ਸਿਸਟਮ ਜਿਸ ਨੂੰ ‘ਗੁੱਡ’ ਤੇ ‘ਸਿੰਪਲ’ ਹੋਣਾ ਸੀ ਪਰ ਉਸ ਦੀਆਂ ਗੁੰਝਲਾਂ ਵਧਦੀਆਂ ਜਾ ਰਹੀਆਂ ਹਨ।’ -ਪੀਟੀਆਈ