ਰੀਲ ਬਣਾਉਂਦੇ ਰੇਲ ਦੀ ਲਪੇਟ ’ਚ ਆਏ ਤਿੰਨ ਵਿਦਿਆਰਥੀ; ਇੱਕ ਹਲਾਕ, ਦੋ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 12 ਦਸੰਬਰ
ਇੱਥੇ ਤਿੰਨ ਵਿਦਿਆਰਥੀ ਰੇਲਵੇ ਟਰੈਕ ’ਤੇ ਵੀਡੀਓ ਰੀਲ ਬਣਾਉਂਦਿਆਂ ਰੇਲ ਗੱਡੀ ਦੀ ਲਪੇਟ ਵਿਚ ਆ ਗਏ। ਇਸ ਕਾਰਨ ਇਕ ਦੀ ਮੌਤ ਹੋ ਗਈ, ਜਦੋਂ ਕਿ ਦੋ ਜ਼ਖ਼ਮੀ ਹੋ ਗਏ ਹਨ। ਸਰਕਾਰੀ ਸੀਨੀਅਰ ਸਕੂਲ ਮਹਿੰਦਰਗੰਜ (ਸਕੂਲ ਆਫ਼ ਐਮੀਨੈਂਸ) ਵਿੱਚ ਗਿਆਰ੍ਹਵੀਂ ਵਿਚ ਪੜ੍ਹਦੇ ਤਿੰਨ ਵਿਦਿਆਰਥੀ ਅੰਬਾਲਾ ਵੱਲੋਂ ਪੱਚੀ ਦਰ੍ਹੇ ਦੇ ਪੁਲ ’ਤੇ ਵੀਡੀਓ ਰੀਲ ਬਣਾ ਰਹੇ ਸਨ ਕਿ ਉਧਰੋਂ ਤੇਜ਼ ਰਫ਼ਤਾਰ ਰੇਲ ਗੱਡੀ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਦੌਰਾਨ ਗੁਰਪ੍ਰੀਤ ਸਿੰਘ ਗੈਵੀ ਪੁੱਤਰ ਕੰਵਲਦੀਪ ਸਿੰਘ ਵਾਸੀ ਪਿੰਡ ਢਕਾਨਸੂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਮਨਿੰਦਰ ਸਿੰਘ ਵਾਸੀ ਪਿੰਡ ਢਕਾਨਸੂ ਅਤੇ ਹਰਸ਼ ਸ਼ਰਮਾ ਵਾਸੀ ਸ਼ਾਮ ਨਗਰ ਰਾਜਪੁਰਾ ਨੂੰ ਇੱਥੋਂ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਕੂਲ ਪ੍ਰਿੰਸੀਪਲ ਪੂਨਮ ਕੁਮਾਰੀ ਨੇ ਦੱਸਿਆ ਕਿ ਹਾਦਸੇ ਦੌਰਾਨ ਵਿਦਿਆਰਥੀ ਸਕੂਲ ’ਚੋਂ ਗ਼ੈਰਹਾਜ਼ਰ ਸਨ, ਜਿਸ ਬਾਰੇ ਉਨ੍ਹਾਂ ਦੇ ਮਾਪਿਆਂ ਨੂੰ ਪਤਾ ਸੀ। ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਰੇਲ ਗੱਡੀ ਹੇਠ ਆਉਣ ਕਾਰਨ ਏਐੱਸਆਈ ਦੀ ਮੌਤ
ਤਰਨ ਤਾਰਨ (ਪੱਤਰ ਪ੍ਰੇਰਕ): ਇਥੋਂ ਦੇ ਗਰੀਨ ਐਵੇਨਿਊ ਵਾਸੀ ਪੰਜਾਬ ਪੁਲੀਸ ਦੇ ਏਐੱਸਆਈ ਲਖਵਿੰਦਰ ਸਿੰਘ (54) ਦੀ ਅੱਜ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਗਈ। ਗੌਰਮਿੰਟ ਰੇਲਵੇ ਪੁਲੀਸ (ਜੀਆਰਪੀ) ਦੀ ਸਥਾਨਕ ਪੁਲੀਸ ਚੌਕੀ ਦੇ ਏਐੱਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਖੇਮਕਰਨ ਤੋਂ ਆਈ ਰੇਲ ਗੱਡੀ ਜਿਵੇਂ ਹੀ ਤਰਨ ਤਾਰਨ ਦੇ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਲਈ ਨਿਕਲੀ ਤਾਂ ਪਿੰਡ ਕੱਕਾ ਕੰਡਿਆਲਾ ਦੇ ਫਾਟਕ ਨੇੜੇ ਲਖਵਿੰਦਰ ਸਿੰਘ ਰੇਲ ਲਾਈਨ ਪਾਰ ਕਰਦਿਆਂ ਗੱਡੀ ਹੇਠਾਂ ਆ ਗਿਆ| ਲਖਵਿੰਦਰ ਸਿੰਘ ਤਰਨ ਤਾਰਨ ਜ਼ਿਲ੍ਹੇ ਵਿੱਚ ਤਾਇਨਾਤ ਸੀ| ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਵਿੱਚ ਕੀਤਾ ਗਿਆ।