ਢਾਹਾਂ ਸਾਹਿਤ ਪੁਰਸਕਾਰ ਲਈ ਤਿੰਨ ਕਹਾਣੀ ਸੰਗ੍ਰਹਿ ਚੁਣੇ
ਜਲੰਧਰ: ਪੰਜਾਬੀ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਤੇ 45000 ਕੈਨੇਡੀਅਨ ਡਾਲਰ ਦੇ ਕੌਮਾਂਤਰੀ ਢਾਹਾਂ ਸਾਹਿਤ ਪੁਰਸਕਾਰ ਲਈ ਤਿੰਨ ਕਹਾਣੀਕਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਢਾਹਾਂ ਸਾਹਿਤ ਪੁਰਸਕਾਰ ਦੇ ਸੰਸਥਾਪਕ ਬਰਜਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਸਾਲ 2023 ਲਈ ਤਿੰਨ ਕਹਾਣੀ-ਸੰਗ੍ਰਹਿ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚ ਲੇਖਿਕਾ ਦੀਪਤੀ ਬਬੂਟਾ (ਮੁਹਾਲੀ) ਦੀ ‘ਭੁੱਖ ਇਉਂ ਸਾਹ ਲੈਂਦੀ ਹੈ’, ਜਮੀਲ ਅਹਿਮਦ ਪਾਲ (ਲਾਹੌਰ, ਪਾਕਿਸਤਾਨ) ਦੀ ‘ਮੈਂਡਲ ਦਾ ਕਾਨੂੰਨ’, ਬਲੀਜੀਤ (ਮੁਹਾਲੀ) ਦੀ ‘ਉੱਚੀਆਂ ਆਵਾਜ਼ਾਂ’ ਸ਼ਾਮਲ ਹਨ। ਇਨ੍ਹਾਂ ਲੇਖਕਾਂ ਦਾ ਸਨਮਾਨ 16 ਨਵੰਬਰ ਨੂੰ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਸਰੀ ਕੈਨੇਡਾ ਵਿੱਚ ਕੀਤਾ ਜਾਵੇਗਾ। ਇਨ੍ਹਾਂ ਵਿਚੋਂ ਸਰਵੋਤਮ ਕਹਾਣੀ-ਸੰਗ੍ਰਿਹ ਨੂੰ 25 ਹਜ਼ਾਰ ਜਦੋਂ ਕਿ ਬਾਕੀ ਦੋ ਨੂੰ 10-10 ਹਜ਼ਾਰ ਕੈਨੇਡੀਅਨ ਡਾਲਰ ਦਾ ਪੁਰਸਕਾਰ ਮਿਲੇਗਾ। ਸਾਲ 2013 ਵਿਚ ਸਥਾਪਤ ਢਾਹਾਂ ਸਾਹਿਤ ਪੁਰਸਕਾਰ ਪੰਜਾਬੀ ਭਾਸ਼ਾ ਵਿੱਚ ਗਲਪ ਪੁਸਤਕਾਂ ਲਈ ਸਭ ਤੋਂ ਵੱਡਾ, ਕੌਮਾਂਤਰੀ ਸਾਹਿਤਕ ਪੁਰਸਕਾਰ ਹੈ। ਇਸ ਤਹਿਤ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਗਲਪ ਦੀ ਸਰਵੋਤਮ ਪੁਸਤਕ ਨੂੰ 25,000 ਡਾਲਰ ਅਤੇ ਅਗਲੀਆਂ ਦੋ ਪੁਸਤਕਾਂ ਨੂੰ 10-10 ਹਜ਼ਾਰ ਡਾਲਰ ਦੀ ਪੁਰਸਕਾਰ ਰਾਸ਼ੀ ਦਿੱਤੀ ਜਾਂਦੀ ਹੈ। -ਨਿੱਜੀ ਪੱਤਰ ਪ੍ਰੇਰਕ