ਨਥਾਣਾ ’ਚ ਗੰਦਾ ਪਾਣੀ ਕੱਢਣ ਲਈ ਤਿੰਨ ਪੰਪ ਚਾਲੂ ਕੀਤੇ
ਭਗਵਾਨ ਦਾਸ ਗਰਗ
ਨਥਾਣਾ, 17 ਅਕਤੂਬਰ
ਨਥਾਣਾ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਇਥੇ ਚੱਲ ਰਹੇ ਪੱਕੇ ਮੋਰਚੇ ਵਿੱਚ ਅੱਜ ਵਧੇਰੇ ਭਾਸ਼ਣ ਅਤੇ ਪ੍ਰਚਾਰ ਦੀ ਥਾਂ ਛੱਪੜ ਖਾਲੀ ਕਰਵਾਉਣ ਨੂੰ ਪਹਿਲ ਦਿੱਤੀ ਗਈ। ਗੁਰਦੁਆਰਾ ਸਾਹਿਬ ਵਾਲੇ ਵੱਡੇ ਛੱਪੜ ਨੂੰ ਪਹਿਲਾ ਹੀ ਪਾਣੀ ਦੀ ਬਹੁਤਾਤ ਕਾਰਨ ਚਾਰ ਹਿੱਸਿਆਂ ’ਚ ਵੰਡਿਆ ਹੋਇਆ ਹੈ। ਇੱਕ ਹਿੱਸੇ ਦੇ ਚਾਰੇ ਕੋਨਿਆਂ ’ਤੇ ਅੱਜ ਪੀਟਰ, ਮੋਟਰ ਅਤੇ ਟਰੈਕਟਰ ਚਲਾ ਕੇ ਵੱਖ ਵੱਖ ਥਾਵਾਂ ਵੱਲ ਪਾਣੀ ਕੱਢਿਆ ਗਿਆ। ਯੂਨੀਅਨ ਨਾਲ ਜੁੜੇ ਵਰਕਰਾਂ ਨੇ ਖੁਦ ਗਰੁੱਪਾਂ ਮੁਤਾਬਿਕ ਡਿਊਟੀ ਵੰਡ ਕੇ ਆਪਣੀ ਨਿਗਰਾਨੀ ਹੇਠ ਇਹ ਪਾਣੀ ਕਢਵਾਇਆ। ਛੱਪੜ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਖਾਲੀ ਹੋਣ ਤੱਕ ਪੋਕਲੇਨ ਮਸ਼ੀਨ ਆਰਜ਼ੀ ਤੌਰ ’ਤੇ ਬੰਦ ਕਰ ਦਿੱਤੀ ਗਈ। ਭਾਵੇਂ ਵੱਖ-ਵੱਖ ਟੌਲ ਪਲਾਜ਼ਿਆਂ ’ਤੇ ਦਿੱਤੇ ਜਾਣ ਵਾਲੇ ਧਰਨੇ ’ਚ ਇਸ ਖੇਤਰ ਦੇ ਕਿਸਾਨ ਵਰਕਰ ਭੇਜੇ ਗਏ ਹਨ ਪਰ ਫਿਰ ਵੀ ਇਥੇ ਪੱਕੇ ਮੋਰਚੇ ਵਾਲੇ ਧਰਨੇ ’ਚ ਕਿਸਾਨਾਂ ਅਤੇ ਮਹਿਲਾ ਵਰਕਰਾਂ ਦੀ ਭਰਵੀਂ ਸ਼ਮੂਲੀਅਤ ਰਹੀ।
ਧਰਨੇ ਨੂੰ ਪੂਰਾ ਸਹਿਯੋਗ ਦੇ ਰਹੇ ਹਨ ਲੋਕ
ਧਰਨੇ ਦੇ ਅੱਜ 35ਵੇਂ ਦਿਨ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਮੇਲ ਸਿੰਘ, ਕਮਲਜੀਤ ਕੌਰ ਅਤੇ ਪਰਮਜੀਤ ਕੌਰ ਨੇ ਕਿਹਾ ਧਰਨਾਕਾਰੀਆਂ ਦੇ ਪੂਰੀ ਤਰ੍ਹਾਂ ਹੌਸਲੇ ਬੁਲੰਦ ਹਨ। ਨਗਰ ਦੇ ਸਾਰ ਵਰਗਾਂ ਦੇ ਲੋਕੀ ਬੁਨਿਆਦੀ ਸਮੱਸਿਆ ਦੇ ਹੱਲ ਵਾਸਤੇ ਡਟਵਾਂ ਸਮਰਥਨ ਅਤੇ ਸਹਿਯੋਗ ਦੇ ਰਹੇ ਹਨ।