ਨਿੱਜੀ ਸਕੂਲਾਂ ਦੀਆਂ ਤਿੰਨ ਬੱਸਾਂ ਟਕਰਾਈਆਂ, ਦਸ ਬੱਚੇ ਜ਼ਖ਼ਮੀ
ਬੀ ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 6 ਫਰਵਰੀ
ਸ੍ਰੀ ਆਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ’ਤੇ ਪਿੰਡ ਬਹਿਲੂ ਨੇੜੇ ਦੋ ਨਿੱਜੀ ਸਕੂਲ ਦੀਆਂ ਤਿੰਨ ਬੱਸਾਂ ਆਪਸ ਵਿੱਚ ਟਕਰਾ ਗਈਆਂ ਜਿਸ ਵਿੱਚ ਕਰੀਬ 10 ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਜਾਣਕਾਰੀ ਅਨੁਸਾਰ ਪ੍ਰਾਈਵੇਟ ਸਕੂਲ ਦੀ ਬੱਸ ਨੇ ਓਵਰਟੇਕ ਕਰ ਰਹੇ ਵਾਹਨ ਤੋਂ ਬਚਣ ਲਈ ਜਦੋਂ ਬਰੇਕ ਲਾਈ ਤਾਂ ਉਸਦੇ ਪਿੱਛੇ ਆ ਰਹੀਆਂ ਦੋ ਸਕੂਲੀ ਬੱਸਾਂ ਇਸ ਬੱਸ ਨਾਲ ਟਕਰਾਅ ਗਈਆਂ। ਇਸ ਹਾਦਸੇ ਦੌਰਾਨ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਧਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਆਪਣੇ ਹਲਕੇ ਵਿੱਚ ਦੌਰੇ ’ਤੇ ਆਏ ਹੋਏ ਸਨ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਉਹ ਵੀ ਘਟਨਾ ਸਥਾਨ ’ਤੇ ਪਹੁੰਚ ਗਏ। ਉਨ੍ਹਾਂ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ। ਗੌਰਤਲਬ ਹੈ ਕਿ ਛੁੱਟੀ ਹੋਣ ਮਗਰੋਂ ਨਜ਼ਦੀਕੀ ਸਕੂਲਾਂ ਦੇ ਬੱਚੇ ਇਨ੍ਹਾਂ ਬੱਸਾਂ ਵਿੱਚ ਸਵਾਰ ਹੋ ਕੇ ਆਪਣੇ ਘਰ ਨੂੰ ਪਰਤ ਰਹੇ ਸਨ। ਜਦੋਂ ਇਹ ਬੱਸਾਂ ਪਿੰਡ ਬਹਿਲੂ ਨੇੜੇ ਪੁੱਜੀਆਂ ਤਾਂ ਹਾਦਸਾ ਵਾਪਰ ਗਿਆ ਹਾਲਾਂਕਿ ਬੱਸਾਂ ਵਿੱਚ ਸਵਾਰ ਜ਼ਿਆਦਾਤਰ ਬੱਚੇ ਵਾਲ-ਵਾਲ ਬਚ ਗਏ। ਜ਼ਖ਼ਮੀ ਬੱਚਿਆਂ ਨੂੰ ਮੁੱਢਲੀ ਸਹਾਇਤਾ ਲਈ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇੱਥੇ ਉਨ੍ਹਾਂ ਨੂੰ ਫਸਟ ਏਡ ਦਿੱਤੀ ਗਈ ਹੈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਤੇ ਸਕੂਲ ਦੇ ਪ੍ਰਬੰਧਕ ਘਟਨਾ ਸਥਾਨ ’ਤੇ ਪਹੁੰਚ ਗਏ।