ਦੋ ਸਕੇ ਭਰਾਵਾਂ ਸਣੇ ਤਿੰਨ ਜਣੇ ਅਫੀਮ ਤੇ ਅਸਲੇ ਸਮੇਤ ਕਾਬੂ
ਜਲੰਧਰ (ਹਤਿੰਦਰ ਮਹਿਤਾ): ਐਂਟੀ ਨਾਰਕੋਟਿਕ ਸੈਲ ਕਮਿਸ਼ਨਰੇਟ ਜਲੰਧਰ ਦੀ ਟੀਮ ਨੇ ਦੋ ਸਕੇ ਭਰਾਵਾਂ ਸਣੇ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਕਿਲੋ ਅਫੀਮ ਸਣੇ ਨਾਜਾਇਜ਼ ਅਸਲਾ ਬਰਾਮਦ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਮਿਸ਼ਨਰੇਟ ਜਲੰਧਰ ਦੀ ਪੁਲੀਸ ਟੀਮ ਫੋਕਲ ਪੁਆਇੰਟ ਚੌਕ ਜਲੰਧਰ ਵਿੱਚ ਮੌਜੂਦ ਸੀ। ਇਸ ਦੌਰਾਨ ਵੇਰਕਾ ਮਿਲਕ ਪਲਾਂਟ ਨੇੜੇ ਪੁਲ ਦੇ ਨਾਲ ਸਰਵਿਸ ਰੋਡ ’ਤੇ ਤਿੰਨ ਕਾਰ ਸਵਾਰ ਆਉਂਦੇ ਦਿਖਾਈ ਦਿੱਤੇ। ਪੜਤਾਲ ਕਰਨ ’ਤੇ ਮੁਲਜ਼ਮਾਂ ਦੀ ਪਛਾਣ ਅਜੇ ਮਸੀਹ ਉਰਫ ਕਾਲੂ ਪੁੱਤਰ ਸੈਮੂਅਲ ਮਸੀਹ ਵਿਜੇ ਮਸੀਹ ਉਰਫ਼ ਕਾਕੂ ਪੁੱਤਰ ਸੈਮੂਅਲ ਮਸੀਹ ਵਾਸੀ ਜਲੰਧਰ (ਦੋਵੇਂ ਸਕੇ ਭਰਾ) ਅਤੇ ਗਗਨਦੀਪ ਸਿੰਘ ਉਰਫ ਬਾਬਾ ਪੁੱਤਰ ਅਮਰਜੀਤ ਸਿੰਘ ਵਾਸੀ ਜਲੰਧਰ ਵਜੋਂ ਹੋਈ। ਉਨ੍ਹਾਂ ਦੀ ਕਾਰ ਵਿੱਚੋਂ ਦੋ ਕਿਲੋ ਅਫੀਮ ਬਰਾਮਦ ਹੋਈ। ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ-8 ਜਲੰਧਰ ਵਿੱਚ ਦਰਜ ਕਰ ਕੇ ਤਿੰਨਾਂ ਨੂੰ ਹਿਰਾਸਤ ਵਿਚ ਲੈ ਲਿਆ। ਮੁਲਜ਼ਮਾਂ ਨੇ ਦੱਸਿਆ ਕਿ ਉਹ ਪਹਿਲਾਂ ਜਸਪ੍ਰੀਤ ਨਾਲ ਰਲ ਕੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ। ਉਨ੍ਹਾਂ ਤੇ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ। ਦੋਵਾਂ ਭਰਾਵਾਂ ਨੇ ਮੰਨਿਆ ਕਿ ਉਨ੍ਹਾਂ ਨੇ ਨਵੰਬਰ 2018 ਨੂੰ ਬਿਹਾਰ ਤੋਂ ਪਿਸਤੌਲ ਖ਼ਰੀਦੇ ਸਨ। ਇਸ ਨਾਲ ਜਸਪ੍ਰੀਤ ਸਿੰਘ ਜੱਸਾ ਵਾਸੀ ਨਿਊ ਦਿਓਲ ਨਗਰ ਜਲੰਧਰ ਨੂੰ 10 ਮਾਰਚ 2019 ਵਿਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਰਹਿਣ ਦੌਰਾਨ ਮਾੜੇ ਬੰਦਿਆਂ ਨਾਲ ਲਿੰਕ ਬਣ ਗਏ ਸਨ ਜੇਲ੍ਹ ਵਿੱਚੋਂ ਆ ਕੇ ਦੋਵੇਂ ਅਫੀਮ ਦੀ ਤਸਕਰੀ ਕਰਨ ਲੱਗ ਪਏ।