For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸਿਆਂ ਵਿੱਚ ਤਿੰਨ ਜਣੇ ਹਲਾਕ

07:01 AM Jun 10, 2024 IST
ਸੜਕ ਹਾਦਸਿਆਂ ਵਿੱਚ ਤਿੰਨ ਜਣੇ ਹਲਾਕ
ਲਹਿਰਾਗਾਗਾ ਵਿੱਚ ਹਾਦਸੇ ’ਚ ਹਲਾਕ ਹੋਏ ਰੂਬੀ ਖਾਨ ਦੀ ਫਾਈਲ ਫੋਟੋ।
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 9 ਜੂਨ
ਭਵਾਨੀਗੜ੍ਹ-ਸੰਗਰੂਰ ਮੁੱਖ ਮਾਰਗ ’ਤੇ ਕੈਂਟਰ ਦੇ ਪਿੱਛੇ ਮੋਟਰਸਾਈਕਲ ਟਕਰਾਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਸੁਰਜੀਤ ਸਿੰਘ ਵਾਸੀ ਭੱਟੀਵਾਲ ਕਲਾਂ ਨੇ ਪੁਲੀਸ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਬੀਤੀ ਸ਼ਾਮ ਕੰਮ ਤੋਂ ਬਾਅਦ ਆਪਣੇ ਭਰਾ ਗੁਰਮਿੰਦਰ ਸਿੰਘ ਨਾਲ ਘਰ ਪਰਤ ਰਿਹਾ ਸੀ। ਉਸ ਦਾ ਪੁੱਤਰ ਜਸਪ੍ਰੀਤ ਸਿੰਘ ਵੀ ਆਪਣੀ ਡਿਊਟੀ ਖ਼ਤਮ ਕਰਨ ਉਪਰੰਤ ਆਪਣੇ ਮੋਟਰਸਾਈਕਲ ’ਤੇ ਉਨ੍ਹਾਂ ਦੇ ਅੱਗੇ-ਅੱਗੇ ਜਾ ਰਿਹਾ ਸੀ। ਇਸ ਦੌਰਾਨ ਸੰਗਰੂਰ ਵਾਲੇ ਪਾਸੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਕੈਂਟਰ ਦੇ ਚਾਲਕ ਨੇ ਜਸਪ੍ਰੀਤ ਸਿੰਘ ਦੇ ਮੋਟਰਸਾਈਕਲ ਅੱਗੇ ਆਪਣੇ ਕੈਂਟਰ ਨੂੰ ਰੋਕ ਦਿੱਤਾ ਜਿਸ ਕਾਰਨ ਜਸਪ੍ਰੀਤ ਸਿੰਘ ਦਾ ਮੋਟਰਸਾਈਕਲ ਕੈਂਟਰ ਦੇ ਪਿੱਛੇ ਟਕਰਾ ਗਿਆ। ਘਟਨਾ ਦੌਰਾਨ ਗੱਲ ’ਤੇ ਡੂੰਘੇ ਕੱਟ ਦਾ ਨਿਸ਼ਾਨ ਪੈਣ ਅਤੇ ਲੱਤਾਂ ਟੁੱਟਣ ਕਾਰਨ ਜਸਪ੍ਰੀਤ ਗੰਭੀਰ ਜ਼ਖ਼ਮੀ ਹੋ ਗਿਆ। ਸ਼ਿਕਾਇਤਕਰਤਾ ਅਨੁਸਾਰ ਘਟਨਾ ਤੋਂ ਬਾਅਦ ਇਲਾਜ ਲਈ ਜਸਪ੍ਰੀਤ ਸਿੰਘ ਨੂੰ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਭਵਾਨੀਗੜ੍ਹ ਵਿੱਚ ਕੈਂਟਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪਿੰਡ ਗਿਦੜਿਆਣੀ ਵਿੱਚ ਇੱਕ ਨੌਜਵਾਨ ਦੀ ਜ਼ਮੀਨ ਵਾਹੁਣ ਸਮੇਂ ਟਰੈਕਟਰ ਹੇਠ ਆਉਣ ਕਾਰਨ ਮੌਤ ਹੋ ਗਈ। ਇਸ ਘਟਨਾ ਮਗਰੋਂ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਰੂਬੀ ਖਾਨ ਪੁੱਤਰ ਮਿਸਤਰੀ ਜੱਸਾ ਖਾਨ ਵਾਸੀ ਗਿਦੜਿਆਣੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰੂਬੀ ਖਾਨ (24) ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਉਸ ਦਾ ਦੋਸਤ ਪਿੰਡ ਕੋਲ ਟਰੈਕਟਰ ਨਾਲ ਜ਼ਮੀਨ ਵਹਾਅ ਰਿਹਾ ਸੀ ਤਾਂ ਰੂਬੀ ਖਾਨ ਉਸ ਦੇ ਟਰੈਕਟਰ ’ਤੇ ਬੈਠ ਗਿਆ ਤੇ ਅਚਾਨਕ ਹੇਠ ਡਿੱਗ ਗਿਆ। ਉਸ ਨੂੰ ਟਰੈਕਟਰ ਹੇਠ ਆਉਣ ਮਗਰੋਂ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ। ਜਿੱਥੇ ਮੈਡੀਕਲ ਅਫ਼ਸਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸਐੱਚਓ ਸਦਰ ਰਣਬੀਰ ਸਿੰਘ ਨੇ ਦੱਸਿਆ ਪੁਲੀਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਸਮਾਣਾ, 9 ਜੂਨ (ਸੁਭਾਸ਼ ਚੰਦਰ): ਇੱਥੇ ਰਾਮ ਨਗਰ ਵਿੱਚ ਟਰੈਕਟਰ-ਟਰਾਲੀ ਤੇ ਕਾਰ ਦਰਮਿਆਨ ਹੋਈ ਟਕੱਰ ’ਚ ਟਰੈਕਟਰ ਚਾਲਕ ਦੀ ਮੌਤ ਹੋ ਗਈ ਜਦੋਂ ਕਿ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਰਾਮ ਨਗਰ ਪੁਲੀਸ ਨੇ ਮ੍ਰਿਤਕ ਦੇ ਮਾਲਕ ਦੇ ਬਿਆਨ ਅਨੁਸਾਰ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਾਮ ਨਗਰ ਪੁਲੀਸ ਚੌਕੀ ਦੇ ਮੁਖੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੱਲੂ ਪੁੱਤਰ ਮੁਖਤਿਆਰ ਸਿੰਘ ਵਾਸੀ ਯੂਪੀ ਦੇ ਮਾਲਕ ਨਿਤਿਨ ਦੀ ਸ਼ਿਕਾਇਤ ਅਨੁਸਾਰ ਕੱਲੂ ਜੋ ਕਿ ਖੇੜਕੀ ਭੱਠੇ ’ਤੇ ਟਰੈਕਟਰ-ਟਰਾਲੀ ਚਲਾਉਂਦਾ ਹੈ। ਸ਼ੁੱਕਰਵਾਰ ਨੂੰ ਉਹ ਬਲਬੇੜਾ ਤੋਂ ਰਾਮ ਨਗਰ ਵੱਲ ਜਦੋਂ ਟਰੈਕਟਰ-ਟਰਾਲੀ ਲੈ ਕੇ ਆ ਰਿਹਾ ਸੀ ਤਾਂ ਇਕ ਕਾਰ ਚਾਲਕ ਅਮਨ ਸਿੰਘ ਵਾਸੀ ਬਲਬੇੜਾ ਨੇ ਤੇਜ਼ ਰਫਤਾਰ ਨਾਲ ਟਰੈਕਟਰ-ਟਰਾਲੀ ਵਿਚ ਮਾਰੀ, ਜਿਸ ਕਾਰਨ ਟਰੈਕਟਰ-ਟਰਾਲੀ ਵੱਖ-ਵੱਖ ਹੋ ਕੇ ਖਤਾਨਾ ਵਿਚ ਜਾ ਡਿੱਗੇ। ਇਸ ਦੌਰਾਨ ਦੋਵੇਂ ਵਾਹਨਾਂ ਦੇ ਚਾਲਕਾਂ ਨੂੰ ਜ਼ਖ਼ਮੀ ਹਾਲਤ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਟਰੈਕਟਰ ਚਾਲਕ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਅਨੁਸਾਰ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।

Advertisement

Advertisement
Author Image

Advertisement
Advertisement
×