ਖ਼ੁਦ ਨੂੰ ਜੀਐੱਸਟੀ ਅਧਿਕਾਰੀ ਦੱਸ ‘ਵਸੂਲੀ’ ਕਰਨ ਵਾਲੇ ਤਿੰਨ ਜਣੇ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਅਕਤੂਬਰ
ਜੀਐੱਸਟੀ ਵਿਭਾਗ ਦੇ ਅਧਿਕਾਰੀ ਬਣ ਦੁਕਾਨਾਂ ਅਤੇ ਸਾਮਾਨ ਲੈ ਕੇ ਜਾ ਰਹੇ ਰਾਹਗੀਰਾਂ ਤੋਂ ਨਾਜਾਇਜ਼ ਵਸੂਲੀ ਕਰਨ ਵਾਲੇ ਤਿੰਨ ਫਰਜ਼ੀ ਜੀਐੱਸਟੀ ਅਧਿਕਾਰੀਆਂ ਨੂੰ ਲੋਕਾਂ ਨੇ ਕਾਬੂ ਕਰ ਲਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਤਿੰਨਾਂ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲੀਸ ਜਾਂਚ ਵਿੱਚ ਜੁਟੀ ਹੋਈ ਹੈ ਕਿ ਇਹ ਤਿੰਨੋਂ ਕਿੱਥੋਂ ਦੇ ਹਨ। ਕੇਸਰਗੰਜ ਮਾਰਕੀਟ ਦੇ ਹਰਕੇਸ਼ ਮਿੱਤਲ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਛੇ ਵਿਅਕਤੀ ਇਲਾਕੇ ਵਿੱਚ ਵੱਖ-ਵੱਖ ਥਾਵਾਂ ’ਤੇ ਖੜ੍ਹੇ ਸਨ ਅਤੇ ਆਪਣੇ ਆਪ ਨੂੰ ਜੀਐੱਸਟੀ ਵਿਭਾਗ ਦੇ ਅਧਿਕਾਰੀ ਦੱਸ ਰਹੇ ਸਨ। ਉਹ ਦਸਤਾਵੇਜ਼ਾਂ ਦੀ ਜਾਂਚ ਕਰਕੇ ਅਤੇ ਡਰਾ-ਧਮਕਾ ਕੇ ਮੁਲਜ਼ਮ ਪੈਸੇ ਵਸੂਲਦੇ ਸਨ। ਉਹ ਕਈ ਦੁਕਾਨਦਾਰਾਂ ਤੋਂ ਨਾਜਾਇਜ਼ ਵਸੂਲੀ ਕਰ ਚੁੱਕੇ ਸਨ। ਹਰਕੇਸ਼ ਮਿੱਤਲ ਅਨੁਸਾਰ ਛੇ ਲੋਕਾਂ ਦੀ ਇਸ ਫਰਜ਼ੀ ਟੀਮ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਮੁਲਜ਼ਮ ਅੱਜ ਇਕ ਦੁਕਾਨ ਤੋਂ ਸਾਮਾਨ ਖਰੀਦਣ ਗਏ। ਜਦੋਂ ਦੁਕਾਨਦਾਰ ਨੇ ਪੈਸੇ ਮੰਗੇ ਤਾਂ ਉਨ੍ਹਾਂ ਨੇ ਆਪਣੇ-ਆਪ ਨੂੰ ਜੀਐੱਸਟੀ ਵਿਭਾਗ ਦਾ ਮੁਲਾਜ਼ਮ ਦੱਸ ਰੋਹਬ ਮਾਰਨ ਲੱਗੇ ਜਿਸ ’ਤੇ ਦੁਕਾਨਦਾਰ ਨੇ ਆਪਣੇ ਸਾਥੀ ਦੁਕਾਨਦਾਰਾਂ ਨੂੰ ਦੱਸਿਆ। ਸਾਰੇ ਦੁਕਾਨਦਾਰ ਉੱਥੇ ਪਹੁੰਚ ਗਏ। ਇਸ ਦੌਰਾਨ ਫਰਜ਼ੀ ਮੁਲਾਜ਼ਮ ਡਰ ਗਏ ਅਤੇ ਦੁਕਾਨਦਾਰਾਂ ਨੂੰ ਸ਼ੱਕ ਹੋ ਗਿਆ। ਜਦੋਂ ਤਿੰਨਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤਾਂ ਉਨ੍ਹਾਂ ਦੀਆਂ ਦੋ ਮਹਿਲਾ ਸਾਥੀ ਅਤੇ ਇੱਕ ਵਿਅਕਤੀ ਚੁੱਪਚਾਪ ਉੱਥੋਂ ਖਿਸਕ ਗਏ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਸਾਰੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਤਿੰਨੋਂ ਫਰਜ਼ੀ ਹਨ। ਇਸ ਗੱਲ ਦਾ ਪਤਾ ਲੱਗਦਿਆਂ ਹੀ ਦੁਕਾਨਦਾਰਾਂ ਨੇ ਤਿੰਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਤਿੰਨਾਂ ਨੇ ਆਪਣੀ ਗਲਤੀ ਮੰਨ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ। ਬਾਜ਼ਾਰ ਦੇ ਲੋਕਾਂ ਨੇ ਤਿੰਨਾਂ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਕੋਲ ਐਂਟੀ ਕੁਰੱਪਸ਼ਨ ਬਿਊਰੋ ਦਾ ਇੱਕ ਕਾਰਡ ਵੀ ਬਰਾਮਦ ਹੋਇਆ ਹੈ, ਜਿਸ ਨੂੰ ਵੀ ਪੁਲੀਸ ਨੂੰ ਦੇ ਦਿੱਤਾ ਗਿਆ ਹੈ।