ਜਣੇਪੇ ਮਗਰੋਂ ਤਿੰਨ ਨਵਜੰਮੇ ਬੱਚਿਆਂ ਤੇ ਔਰਤ ਦੀ ਮੌਤ
08:07 AM Oct 29, 2024 IST
ਪੱਤਰ ਪ੍ਰੇਰਕ
ਲਹਿਰਾਗਾਗਾ, 28 ਅਕਤੂਬਰ
ਇੱਥੋਂ ਨੇੜਲੇ ਪਿੰਡ ਕੋਟੜਾ ਲਹਿਲ ਵਿੱਚ ਜਣੇਪੇ ਮਗਰੋਂ ਤਿੰਨ ਨਵਜੰਮੇ ਲੜਕਿਆਂ ਸਮੇਤ 24 ਸਾਲਾ ਔਰਤ ਦੀ ਮੌਤ ਹੋ ਗਈ। ਇਹ ਘਟਨਾ ਬੀਤੀ ਦੇਰ ਸ਼ਾਮ ਦੀ ਹੈ। ਮ੍ਰਿਤਕ ਦੀ ਪਛਾਣ ਮਨਦੀਪ ਕੌਰ (24) ਵਜੋਂ ਹੋਈ ਹੈ। ਇਸ ਘਟਨਾ ਕਾਰਨ ਪੂਰਾ ਪਰਿਵਾਰ ਸਦਮੇ ਵਿੱਚ ਹੈ। ਅੱਜ ਦੁਪਹਿਰ ਸਮੇਂ ਔਰਤ ਅਤੇ ਉਸ ਦੇ ਤਿੰਨ ਬੱਚਿਆਂ ਦਾ ਪਿੰਡ ਕੋਟੜਾ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਕੋਟੜਾ ਲਹਿਲ ਦੇ ਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਹਸਪ੍ਰੀਤ ਸਿੰਘ ਦੀ ਪਤਨੀ ਨੂੰ ਜਣੇਪੇ ਤੋਂ ਪਹਿਲਾਂ 26 ਅਕਤੂਬਰ ਨੂੰ ਸਾਹ ਲੈਣ ’ਚ ਤਕਲੀਫ਼ ਹੋ ਰਹੀ ਸੀ। ਉਸ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਆਪਰੇਸ਼ਨ ਰਾਹੀਂ ਜਣੇਪਾ ਕਰਵਾਇਆ। ਇਸ ਦੌਰਾਨ ਦੋ ਬੱਚੇ ਮਰੇ ਹੋਏ ਸਨ ਤੀਜਾ ਲੜਕਾ ਜਨਮ ਲੈਣ ਤੋਂ ਚਾਰ-ਪੰਜ ਮਿੰਟ ਮਗਰੋਂ ਦਮ ਤੋੜ ਗਿਆ। ਲਗਪਗ ਛੇ ਘੰਟਿਆਂ ਮਗਰੋਂ ਮਨਦੀਪ ਕੌਰ ਦੀ ਵੀ ਮੌਤ ਹੋ ਗਈ।
Advertisement
Advertisement