ਤਿੰਨ ਵਿਧਾਇਕਾਂ ਵੱਲੋਂ ਉਮੀਦਵਾਰ ਗਦਰਾਣਾ ਦੇ ਹੱਕ ’ਚ ਪ੍ਰਚਾਰ
ਪੱਤਰ ਪ੍ਰੇਰਕ
ਡੱਬਵਾਲੀ, 29 ਸਤੰਬਰ
ਪੰਜਾਬ ਦੇ ਮੰਤਰੀ ਵਰਿੰਦਰ ਗੋਇਲ ਅਤੇ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਤੇ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਡੱਬਵਾਲੀ ਤੋਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਗਦਰਾਣਾ ਦੀ ਚੋਣ ਮੁਹਿੰਮ ਨੂੰ ਮਘਾਉਣ ਲਈ ਹਲਕੇ ਵਿੱਚ ਪੁੱਜੇ। ਕੈਬਨਿਟ ਮੰਤਰੀ ਵਰਿੰਦਰ ਗੋਇਲ ਨੇ ‘ਆਪ’ ਉਮੀਦਵਾਰ ਲਈ ਵੋਟਾਂ ਦੀ ਅਪੀਲ ਲਈ ਡੱਬਵਾਲੀ ਸ਼ਹਿਰ ਵਿੱਚ ਚੋਣ ਪ੍ਰਚਾਰ ਕੀਤਾ ਜਿਸ ਤਹਿਤ ਉਨ੍ਹਾਂ ਅਨਿਲ ਜਿੰਦਲ ਸਮੇਤ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਕੁਲਦੀਪ ਗਦਰਾਣਾ ਨੂੰ ਜਿਤਾਉਣ ਦੀ ਅਪੀਲ ਕੀਤੀ। ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਪਿੰਡ ਦੀਵਾਨਖੇੜਾ, ਖੂਈਆਂ ਮਲਕਾਣਾ, ਮਿਠੜੀ, ਮਲਿਕਪੁਰਾ, ਮਟਦਾਦੂ, ਕਿੰਗਰਾ, ਜੰਡਵਾਲਾ, ਚੋਰਮਾਰਖੇੜਾ, ਸਾਲਮਖੇੜਾ, ਰਾਜਪੁਰਾ, ਰੱਤਾਖੇੜਾ, ਨੂਹੀਆਂਵਾਲੀ, ਰਾਮਗੜ੍ਹ, ਰਾਮਪੁਰਾ ਬਿਸ਼ਨੋਈਆਂ ਅਤੇ ਔਢਾਂ ਵਿੱਚ ਨੁੱਕੜ ਸਭਾਵਾਂ ਨੂੰ ਸੰਬੋਧਨ ਕੀਤਾ। ਮਾਸਟਰ ਜਗਸੀਰ ਸਿੰਘ ਨੇ ਲੋਕਾਂ ਨਾਲ ਨਿੱਜੀ ਤੌਰ ’ਤੇ ਰਾਬਤਾ ਕ ਕੇ ਕੁਲਦੀਪ ਗਦਰਾਣਾ ਲਈ ਵੋਟਾਂ ਦੀ ਅਪੀਲ ਕੀਤੀ। ਇਸ ਦੌਰਾਨ ‘ਆਪ’ ਉਮੀਦਵਾਰ ਕੁਲਦੀਪ ਗਦਰਾਣਾ ਦੇ ਕਾਫਲੇ ਦਾ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਖੂਈਆਂ ਮਲਕਾਣਾ ਵਿੱਚ ਸ੍ਰੀ ਗਦਰਾਣਾ ਨੂੰ ਲੱਡੂਆਂ ਨਾਲ ਤੋਲ ਕੇ ਉਨ੍ਹਾਂ ਨੂੰ ਜਿਤਾਉਣ ਦਾ ਵਿਸ਼ਵਾਸ ਦਿਵਾਇਆ ਗਿਆ। ਖੂਈਆਂ ਮਲਕਾਣਾ ਵਿੱਚ ਕਰੀਬ ਦਸ ਪਰਿਵਾਰ ਕਈ ਸਿਆਸੀ ਦਲਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ।