For the best experience, open
https://m.punjabitribuneonline.com
on your mobile browser.
Advertisement

ਡਾਇਨੌਸਟਿਕ ਸੈਂਟਰ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਤਿੰਨ ਨਾਬਾਲਗ ਗ੍ਰਿਫ਼ਤਾਰ

08:43 AM Jul 23, 2024 IST
ਡਾਇਨੌਸਟਿਕ ਸੈਂਟਰ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਤਿੰਨ ਨਾਬਾਲਗ ਗ੍ਰਿਫ਼ਤਾਰ
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 22 ਜੁਲਾਈ
ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਨੇ ਅਪੋਲੋ ਡਾਇਨੌਸਟਿਕ ਸੈਂਟਰ ਡੇਰਾਬੱਸੀ ਦੇ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਗੈਂਗਸਟਰ ਕੌਸ਼ਲ ਚੌਧਰੀ ਨਾਲ ਸਬੰਧਤ ਤਿੰਨ ਬਾਲ ਅਪਰਾਧੀਆਂ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ 20 ਜੁਲਾਈ ਨੂੰ ਦੋ ਜਣੇ ਮੂੰਹ-ਸਿਰ ਲਪੇਟ ਕੇ ਅਪੋਲੋ ਡਾਇਨੌਸਟਿਕ ਸੈਂਟਰ ਵਿੱਚ ਦਾਖ਼ਲ ਹੋਏ ਸਨ, ਇਨ੍ਹਾਂ ਨੇ ਹਸਪਤਾਲ ਦੀ ਮਹਿਲਾ ਕਰਮਚਾਰੀ ਊਸ਼ਾ ਰਾਣੀ ਨੂੰ ਧਮਕੀ ਭਰਿਆ ਪੱਤਰ ਦਿੱਤਾ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਜੇ ਸੈਂਟਰ ਦੇ ਪ੍ਰਬੰਧਕ ਆਪਣੀ ਸਲਾਮਤੀ ਚਾਹੁੰਦੇ ਹਨ ਤਾਂ ਪਰਚੀ ’ਤੇ ਦਿੱਤੇ ਨੰਬਰ ਉੱਤੇ ਵਟਸਐਪ ਕਾਲ ਕਰਨ। ਉਨ੍ਹਾਂ ਇਹ ਵੀ ਧਮਕੀ ਦਿੱਤੀ ਸੀ ਕਿ ਇਸ ਨੂੰ ਮਜ਼ਾਕ ਨਾ ਸਮਝਿਆ ਜਾਵੇ ਕਿਉਂਕਿ ਅੱਜ ਇੱਕ ਗੋਲੀ ਚੱਲੀ ਹੈ ਅਤੇ ਭਲਕੇ 101 ਗੋਲੀਆਂ ਚੱਲਣਗੀਆਂ।
ਐੱਸਐੱਸਪੀ ਨੇ ਦੱਸਿਆ ਕਿ ਹਸਪਤਾਲ ਪ੍ਰਬੰਧਕਾਂ ਅਤੇ ਸਟਾਫ ਦੇ ਮਨਾਂ ਵਿੱਚ ਦਹਿਸ਼ਤ ਪਾਉਣ ਦੇ ਇਰਾਦੇ ਨਾਲ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਹਵਾਈ ਫਾਇਰ ਵੀ ਕੀਤਾ ਅਤੇ ਇਸ ਮਗਰੋਂ ਤਿੰਨ ਨੌਜਵਾਨ ਇੱਕ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਵੱਲੋਂ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਮੁਹਾਲੀ ਦੇ ਐੱਸਪੀ ਜਯੋਤੀ ਯਾਦਵ ਅਤੇ ਡੀਐੱਸਪੀ (ਡੀ) ਹਰਸਿਮਰਤ ਸਿੰਘ ਦੀ ਨਿਗਰਾਨੀ ਹੇਠ ਅਤੇ ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਟੈਕਨੀਕਲ ਅਤੇ ਮਨੁੱਖੀ ਸੋਰਸ ਦੀ ਸਹਾਇਤਾ ਨਾਲ ਤਿੰਨ ਨਾਬਾਲਗਾਂ ਨੂੰ ਕਾਬੂ ਕੀਤਾ। ਪੁਲੀਸ ਨੇ ਇਨ੍ਹਾਂ ਕੋਲੋਂ ਇੱਕ ਪਿਸਤੌਲ, 2 ਕਾਰਤੂਸ ਅਤੇ ਕਾਰਤੂਸ ਦੇ ਖੋਲ੍ਹ ਬਰਾਮਦ ਕੀਤੇ ਹਨ। ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਤਿੰਨੇ ਜਣੇ ਡੇਰਾਬੱਸੀ ਦੇ ਰਹਿਣ ਵਾਲੇ ਹਨ। ਉਹ ਗੈਂਗਸਟਰ ਕੌਸ਼ਲ ਚੌਧਰੀ ਨਾਲ ਮਿਲ ਕੇ ਕੰਮ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਇੱਕ ਬਾਲ ਅਪਰਾਧੀ ਵਿਰੁੱਧ ਪਹਿਲਾਂ ਵੀ ਕੇਸ ਦਰਜ ਹੈ। ਇਸ ਮਾਮਲੇ ਵਿੱਚ ਉਹ ਬਾਲ ਸੁਧਾਰ ਘਰ, ਹੁਸ਼ਿਆਰਪੁਰ ਵਿੱਚ ਰਹਿ ਕੇ ਆਇਆ ਹੈ।

Advertisement
Advertisement
Author Image

sukhwinder singh

View all posts

Advertisement