ਚੋਰੀਆਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
ਦਰਸ਼ਨ ਸਿੰਘ ਮਿੱਠਾ
ਘਨੌਰ, 1 ਜੁਲਾਈ
ਥਾਣਾ ਘਨੌਰ ਅਧੀਨ ਆਉਂਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗਰੋਹ ਦੇ ਤਿੰਨ ਮੈਂਬਰਾਂ ਨੂੰ ਥਾਣਾ ਸ਼ੰਭੂ ਦੀ ਪੁਲੀਸ ਨੇ ਕਾਬੂ ਕੀਤਾ ਹੈ। ਪ੍ਰੈੱਸ ਕਾਨਫ਼ਰੰਸ ਕਰਦਿਆਂ ਡੀਐੱਸਪੀ ਘਨੌਰ ਰਘਵੀਰ ਸਿੰਘ ਨੇ ਦੱਸਿਆ ਕਿ ਥਾਣਾ ਘਨੌਰ ਅਧੀਨ ਹੁੰਦੀਆਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਮੁੱਖ ਥਾਣਾ ਅਫ਼ਸਰ ਸ਼ੰਭੂ ਇੰਸਪੈਕਟਰ ਰਾਹੁਲ ਕੌਸ਼ਲ ਦੀ ਅਗਵਾਈ ਹੇਠ ਇਕ ਸਪੈਸ਼ਲ ਟੀਮ ਬਣਾਈ ਗਈ। ਟੀਮ ਦੀ ਕਾਰਵਾਈ ਦੌਰਾਨ ਤਿੰਨ ਮੁਲਜ਼ਮ ਸਮੀਰ ਵਾਸੀ ਢੇਹਾ ਕਲੋਨੀ ਘਨੌਰ, ਵੀਰ ਸਿੰਘ ਉਰਫ਼ ਕਾਲੂ ਵਾਸੀ ਹਰਿਦੁਆਰ ਹਾਲ ਵਾਸੀਆਨ ਝੂੰਗਿਆਂ ਨੇੜੇ ਅੰਡਰ ਬ੍ਰਿਜ ਰਾਜਪੁਰਾ ਅਤੇ ਇਕ ਨਾਬਾਲਗ ਉਮਰ ਕਰੀਬ 17 ਸਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਨੇ ਦੱਸਿਆ ਕਿ ਸਮੀਰ ਅਤੇ ਵੀਰ ਸਿੰਘ ਨਾਬਾਲਗ ਮੁਲਜ਼ਮ ਪਾਸੋਂ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੀ ਰੇਕੀ ਕਰਵਾਉਂਦੇ ਸਨ ਅਤੇ ਫਿਰ ਤਿੰਨੋਂ ਜਣੇ ਮਿਲ ਕੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਥਾਣਾ ਘਨੌਰ ਦੀ ਹਦੂਦ ਅੰਦਰ 5 ਚੋਰੀ ਦੀਆਂ ਵਾਰਦਾਤਾਂ ਅਤੇ ਥਾਣਾ ਸ਼ੰਭੂ ਦੀ ਹਦੂਦ ਅੰਦਰ 1 ਚੋਰੀ ਦੀ ਵਾਰਦਾਤ ਬਾਰੇ ਮੰਨਿਆ ਹੈ। ਮੁਲਜ਼ਮਾਂ ਕੋਲੋਂ ਸੋਨੇ ਦੇ ਗਹਿਣੇ, ਮੋਬਾਈਲ ਫ਼ੋਨ ਅਤੇ ਨਕਦੀ ਕਰੀਬ 24 ਹਜ਼ਾਰ ਰੁਪਏ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਨਾਬਾਲਗ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਅਬਜਰਵੇਸ਼ਨ ਹੋਮ ਲੁਧਿਆਣਾ ਛੱਡਿਆ ਗਿਆ ਅਤੇ ਮੁਲਜ਼ਮ ਸਮੀਰ ਅਤੇ ਵੀਰ ਸਿੰਘ ਦਾ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ।