ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ
ਜਲੰਧਰ (ਪੱਤਰ ਪ੍ਰੇਰਕ): ਪੁਲੀਸ ਨੇ ਲੁਟੇਰਾ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਪਟੇਲ ਚੌਕ ’ਚ ਨਾਕਾ ਲਾਇਆ ਹੋਇਆ ਸੀ। ਚੈਕਿੰਗ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸ਼ਹਿਰ ’ਚ ਚੋਰੀ ਅਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਕਾਸ ਉਰਫ ਕਾਲੀ, ਸੌਰਵ ਉਰਫ ਸਾਬੀ, ਤਰੁਣ ਬਗਾਨੀਆ ਅਤੇ ਰਿਸ਼ੀ ਕੁਮਾਰ ਉਰਫ ਰਿਸ਼ੀ ਗਾਂਧੀ ਵਨੀਤਾ ਆਸ਼ਰਮ ਨੇੜੇ ਕਿਸੇ ਦੀ ਉਡੀਕ ਕਰ ਰਹੇ ਸਨ। ਪੁਲੀਸ ਪਾਰਟੀ ਨੇ ਕਾਰਵਾਈ ਕਰਦਿਆਂ ਵਿਕਾਸ ਉਰਫ਼ ਕਾਲੀ, ਸੌਰਵ ਉਰਫ਼ ਸਾਬੀ ਅਤੇ ਰਿਸ਼ੀ ਕੁਮਾਰ ਉਰਫ਼ ਰਿਸ਼ੀ ਨੂੰ ਕਾਬੂ ਕਰ ਲਿਆ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇੱਕ ਐਫਆਈਆਰ 18 ਸਤੰਬਰ ਨੂੰ ਥਾਣਾ ਡਵੀਜ਼ਨ ਨੰਬਰ 2 ਜਲੰਧਰ ਵਿੱਚ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਵੱਖ-ਵੱਖ ਖੇਤਰਾਂ ’ਚੋਂ ਖੋਹੇ ਗਏ ਵੱਖ-ਵੱਖ ਬਰਾਂਡਾਂ ਦੇ 15 ਮੋਬਾਈਲ ਫ਼ੋਨ, ਦਾਤਰ ਤੇ ਬਿਨਾਂ ਨੰਬਰੀ ਇੱਕ ਐਕਟਿਵਾ ਬਰਾਮਦ ਕੀਤਾ ਗਿਆ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਸਨ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।