For the best experience, open
https://m.punjabitribuneonline.com
on your mobile browser.
Advertisement

ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ

07:02 AM Apr 05, 2024 IST
ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
ਐੱਸਪੀ ਜਯੋਤੀ ਯਾਦਵ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੰਦੇ ਹੋਏ।
Advertisement

ਪੱਤਰ ਪ੍ਰੇਰਕ
ਮੁਹਾਲੀ/ਖਰੜ, 4 ਅਪਰੈਲ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਗੰਨ ਪੁਆਇੰਟ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਤਿੰਨ ਮੁਲਜ਼ਮਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਇੱਥੇ ਮੁਹਾਲੀ ਦੇ ਐੱਸਪੀ (ਡੀ) ਸ੍ਰੀਮਤੀ ਡਾ. ਜਯੋਤੀ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਲੁੱਟ-ਖੋਹ ਕੀਤੇ ਸੋਨੇ ਦੇ ਗਹਿਣੇ, ਮੋਬਾਈਲ ਫੋਨ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਚੋਰੀ ਕੀਤੇ ਵਾਹਨਾਂ ਸਮੇਤ ਦੋ ਦੇਸੀ ਪਿਸਤੌਲ ਬਰਾਮਦ ਕੀਤੇ ਗਏ ਹਨ।
ਐਸਪੀ ਜਯੋਤੀ ਯਾਦਵ ਨੇ ਦੱਸਿਆ ਕਿ ਡੀਐਸਪੀ (ਡੀ) ਹਰਸਿਮਰਤ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਲੁੱਟਾਂ-ਖੋਹਾਂ, ਚੋਰੀਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੌਰਾਨ ਮੁਲਜ਼ਮ ਸੰਤੋਸ਼ ਉਰਫ਼ ਪੰਡਤ ਵਾਸੀ ਬੁੜੈਲ, ਵਿਕਰਮ ਮਸੀਹ ਉਰਫ਼ ਰਾਜਾ ਅਤੇ ਵਿਲੀਅਮ ਮਸੀਹ ਉਰਫ਼ ਕਾਲੀ ਦੋਵੇਂ ਵਾਸੀ ਪਿੰਡ ਮਾਹਲ (ਗੁਰਦਾਸਪੁਰ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਿਰਾਮ ਰਾਜਾ ਅਤੇ ਕਾਲੀ ਮੌਜੂਦਾ ਸਮੇਂ ਵਿੱਚ ਮੁਹਾਲੀ ਨੇੜਲੇ ਪਿੰਡ ਮਾਣਕਪੁਰ ਕੱਲਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ।
ਮੁੱਢਲੀ ਪੁੱਛ ਪੜਤਾਲ ਦੌਰਾਨ ਮੁਲਜ਼ਮਾਂ ਨੇ ਪੁਲੀਸ ਕੋਲ ਮੰਨਿਆਂ ਕਿ ਉਨ੍ਹਾਂ ਨੇ ਫੇਜ਼-11, ਮੁਹਾਲੀ ਤੋਂ ਐਕਟਿਵਾ, ਜਗਤਪੁਰਾ ਤੋਂ ਬੁਲਟ ਮੋਟਰ ਸਾਈਕਲ ਅਤੇ ਏਅਰਪੋਰਟ ਸੜਕ ਨੇੜੇ ਲਗਦੀ ਸਬਜ਼ੀ ’ਚੋਂ ਇੱਕ ਆਟੋ ਚੋਰੀ ਕੀਤਾ ਸੀ। ਮੁਲਜ਼ਮਾਂ ਨੇ ਬੀਤੀ 8 ਮਾਰਚ ਨੂੰ ਦੇਰ ਰਾਤ ਆਈਟੀ ਸਿਟੀ ਥਾਣਾ ਏਰੀਆ ਵਿੱਚ ਗੰਨ ਪੁਆਇੰਟ ’ਤੇ ਚਾਲਕ ਕੋਲੋਂ ਇੱਕ ਮਾਰੂਤੀ ਵੈਗਨਾਰ ਕਾਰ, ਮੋਬਾਈਲ ਫੋਨ ਅਤੇ ਪਰਸ ਖੋਹਿਆ ਸੀ। ਉਸੇ ਰਾਤ ਵੈਗਨਾਰ ਵਿੱਚ ਸਵਾਰ ਹੋ ਕੇ ਜਤਿਨ ਨਾਂ ਦੇ ਵਿਅਕਤੀ ਕੋਲੋਂ ਬਿੱਗ ਬਾਜ਼ਾਰ ਜ਼ੀਰਕਪੁਰ ਤੋਂ ਉਸ ਦੀ ਕੁੱਟਮਾਰ ਕਰਕੇ ਮੋਬਾਈਲ ਫੋਨ ਖੋਹਿਆ ਸੀ। ਬਾਅਦ ਵਿੱਚ ਵੈਗਨਾਰ ਕਾਰ ਨੂੰ ਏਅਰਪੋਰਟ ਸੜਕ ’ਤੇ ਲਾਵਾਰਿਸ ਹਾਲਤ ਵਿੱਚ ਖੜੀ ਕਰਕੇ ਫਰਾਰ ਹੋ ਗਏ ਸੀ।
ਇਸੇ ਤਰ੍ਹਾਂ ਮੁਲਜ਼ਮਾਂ ਨੇ ਬੀਤੀ 23 ਮਾਰਚ ਨੂੰ ਆਈਟੀ ਸਿਟੀ ਏਰੀਆ ਵਿੱਚ ਫਾਰਚੂਨਰ ਗੱਡੀ ਵਿੱਚ ਸਬਜ਼ੀ ਖਰੀਦਣ ਆਏ ਇੱਕ ਜੋੜੇ ਨੂੰ ਹਥਿਆਰਾਂ ਅਤੇ ਚਾਕੂ ਦੀ ਨੋਕ ’ਤੇ ਉਨ੍ਹਾਂ ਕੋਲੋਂ ਸੋਨੇ ਦੇ ਗਹਿਣੇ ਲੁੱਟੇ ਸਨ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਫੇਜ਼-11 ਤੋਂ ਮੋਬਾਈਲ, ਸੈਕਟਰ-67, ਫੇਜ਼-11 ਨੇੜੇ ਸੀਪੀ-67 ਮਾਲ, ਸੈਕਟਰ-67 ਤੋਂ ਸੈਕਟਰ-80 ਦੀਆਂ ਲਾਈਟਾਂ ਤੋਂ ਆਈਸ਼ਰ ਚੌਕ, ਸੈਕਟਰ-82, ਫੇਜ਼-7, ਸਨਅਤੀ ਏਰੀਆ ਫੇਜ਼-8ਬੀ, ਫੇਜ਼-9 ਵਿੱਚ ਮੋਬਾਈਲ ਫੋਨ ਖੋਹਣ ਅਤੇ ਸਨੈਚਿੰਗ ਦੀਆਂ ਅਨੇਕਾਂ ਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ।

Advertisement

Advertisement
Author Image

Advertisement
Advertisement
×