ਲਖਬੀਰ ਲੰਡਾ ਗਰੋਹ ਦੇ ਤਿੰਨ ਮੈਂਬਰ ਕਾਬੂ
ਹਤਿੰਦਰ ਮਹਿਤਾ
ਜਲੰਧਰ, 10 ਜੂਨ
ਇੱਥੋਂ ਦੀ ਪੁਲੀਸ ਨੇ ਕੈਨੇਡਾ ਰਹਿੰਦੇ ਦਹਿਸ਼ਤਗਰਦ ਲਖਬੀਰ ਸਿੰਘ ਲੰਡਾ ਗਰੁੱਪ ਨਾਲ ਸਬੰਧਤ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਫਿਰੌਤੀ ਮੰਗਣ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕੋਹਲੀ ਸਪੋਰਟਸ ਪ੍ਰਾਈਵੇਟ ਲਿਮਟਿਡ, ਲੈਦਰ ਕੰਪਲੈਕਸ ਦੇ ਸੁਰੱਖਿਆ ਅਧਿਕਾਰੀ ਜਤਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਤਿੰਨ ਜੂਨ ਨੂੰ ਸਵੇਰੇ ਦੋ ਵਿਅਕਤੀ ਮੋਟਰਸਾਈਕਲ ’ਤੇ ਮੁੱਖ ਗੇਟ ਰਾਹੀਂ ਆਏ ਅਤੇ ਉਸ ’ਤੇ ਗੋਲੀਆਂ ਚਲਾਈਆਂ।
ਪੁਲੀਸ ਨੇ ਇਸ ਮਾਮਲੇ ’ਤੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਿਸ ਤੋਂ ਬਾਅਦ ਪੁਲੀਸ ਨੇ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਭੁਪਿੰਦਰ ਸਿੰਘ ਉਰਫ਼ ਬੰਟੀ ਅਤੇ ਜਗਰੂਪ ਸਿੰਘ ਉਰਫ਼ ਜੋਪਾ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਕਬੂਲ ਕੀਤਾ ਹੈ ਕਿ ਪੜ੍ਹਾਈ ਛੱਡਣ ਤੋਂ ਬਾਅਦ ਉਹ ਯਾਦਵਿੰਦਰ ਸਿੰਘ ਉਰਫ਼ ਯਾਦਾ ਅਤੇ ਲਖਬੀਰ ਲੰਡਾ ਨਾਲ ਮਿਲ ਕੇ ਤਰਨ ਤਾਰਨ ’ਚ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟਾਂ-ਖੋਹਾਂ, ਜਬਰੀ ਵਸੂਲੀ, ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਦਾ ਕੰਮ ਕਰਦੇ ਸਨ ਅਤੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ ਤੇ ਕਈ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਸ਼ਾਮਲ ਸਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਗੁਰਪ੍ਰੀਤ ਦੀ ਮਦਦ ਭੁਪਿੰਦਰ ਨੇ ਕੀਤੀ ਸੀ ਜਿਸ ਨੇ ਮੰਨਿਆ ਹੈ ਕਿ ਉਸ ਨੇ ਲੁੱਟ-ਖੋਹ ਅਤੇ ਜਬਰੀ ਵਸੂਲੀ ਸਮੇਤ ਕਈ ਅਪਰਾਧ ਕੀਤੇ ਹਨ। ਤੀਜੇ ਮੁਲਜ਼ਮ ਜਗਰੂਪ ਸਿੰਘ ਦਾ ਆਪਣੇ ਚਾਚੇ ਨਾਲ ਜਾਇਦਾਦ ਦਾ ਝਗੜਾ ਚੱਲ ਰਿਹਾ ਸੀ ਤੇ ਕੇਸ ਦਰਜ ਹੋਣ ਤੋਂ ਬਾਅਦ ਉਹ ਵੱਖਰੀ ਪਛਾਣ ਬਣਾ ਕੇ ਰਹਿ ਰਿਹਾ ਸੀ। ਉਸ ਖ਼ਿਲਾਫ ਪਹਿਲਾਂ ਵੀ ਅੱਠ ਕੇਸ ਦਰਜ ਹਨ। ਇਹ ਸਾਰੇ ਸਰਹੱਦ ਪਾਰੋਂ ਹਥਿਆਰ ਤੇ ਨਸ਼ਾ ਤਸਕਰੀ ਸਣੇ 35 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸਨ।