ਅੰਤਰਰਾਜੀ ਕਾਰ ਚੋਰ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
ਸੁਭਾਸ਼ ਚੰਦਰ
ਸਮਾਣਾ, 28 ਅਕਤੂਬਰ
ਪੁਲੀਸ ਨੇ ਅੰਤਰਰਾਜੀ ਕਾਰ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤੀ ਕਾਰ ਬਰਾਮਦ ਕੀਤੀ ਹੈ। ਜਾਂਚ ਅਧਿਕਾਰੀ ਬੇਅੰਤ ਸਿੰਘ ਨੇ ਦੱਸਿਆ ਕਿ ਖਤਰੀਆ ਮੁਹੱਲਾ ਦੇ ਨਵੀਨ ਜੈਨ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ 22-23 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਦੋ ਚੋਰਾਂ ਨੇ ਉਨ੍ਹਾਂ ਦੇ ਘਰ ਅੱਗੇ ਖੜ੍ਹੀ ਕਾਰ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕਾਰ ਦਾ ਸਾਇਰਨ ਵੱਜਣ ਕਾਰਨ ਉਹ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਣ ’ਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਬੰਧਤ ਵਿਅਕਤੀ ਪਿਛਲੇ ਦਿਨੀਂ ਸਮਾਣਾ ਵਿੱਚ ਕਾਰ ਚੋਰੀ ਦੀ ਤਾਕ ਵਿੱਚ ਘੁੰਮ ਰਹੇ ਸਨ। ਉਨ੍ਹਾਂ ਨੂੰ ਕਾਬੂ ਕਰਕੇ ਜਦੋਂ ਪੁੱਛਗਿਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਹਰਿਆਣਾ ਦੇ ਪਿਹੋਵਾ ਤੇ ਕੁਰੂਕਸ਼ੇਤਰ ਤੋਂ ਦੋ ਕਾਰਾਂ ਚੋਰੀ ਕੀਤੀਆਂ ਸਨ। ਇਨ੍ਹਾਂ ਵਿੱਚੋਂ ਇੱਕ ਕਾਰ ਦਾ ਐਕਸੀਡੈਂਟ ਹੋਣ ਕਾਰਨ ਕਾਰ ਛੱਡ ਕੇ ਫ਼ਰਾਰ ਹੋ ਗਏ ਸਨ ਤੇ ਦੂਜੀ ਕਾਰ ਉਨ੍ਹਾਂ ਨਾਭਾ ਦੇ ਕਵਾੜੀ ਨੂੰ ਵੇਚੀ ਹੈ। ਮੁਲਜ਼ਮ ਅਮਨ ਕੁਮਾਰ ਤੇ ਵਿਜੈ ਕੁਮਾਰ ਵਾਸੀ ਕੈਥਲ ਦੀ ਨਿਸ਼ਾਨਦੇਹੀ ’ਤੇ ਨਾਭਾ ਦੇ ਕਵਾੜੀ ਨੂੰ ਵੇਚੀ ਕਾਰ ਉਸ ਦੇ ਪਲਾਟ ਵਿੱਚ ਖੜ੍ਹੀ ਕੀਤੀ ਬਰਾਮਦ ਕਰ ਲਈ ਅਤੇ ਮੌਕੇ ’ਤੇ ਕਵਾੜੀ ਗਗਨਦੀਪ ਸਿੰਘ ਵਾਸੀ ਨਾਭਾ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਨਿਆਂਇਕ ਹਿਰਾਸਤ ਜੇਲ੍ਹ ਭੇਜ ਦਿੱਤਾ। ਉਨ੍ਹਾ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਾਰ ਚੋਰੀ ਕਰਨ ਦੀਆਂ ਘਟਨਾਵਾਂ ਦੇ ਵੱਖ ਵੱਖ ਥਾਣਿਆਂ ਵਿੱਚ ਤਿੰਨ ਦਰਜਨ ਤੋਂ ਵੱਧ ਕੇਸ ਦਰਜ ਹਨ।