ਪਿਸਤੌਲ ਦੀ ਨੋਕ ’ਤੇ ਕਾਰਾਂ ਖੋਹਣ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 31 ਅਗਸਤ
ਸੂਬੇ ’ਚ ਪਿਸਤੌਲ ਦੀ ਨੋਕ ’ਤੇ ਕਾਰਾਂ ਖੋਹਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧ ’ਚ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਲਾਕੇ ’ਚ ਪਿਸਤੌਲ ਦੀ ਨੋਕ ’ਤੇ ਕਾਰਾਂ ਖੋਹਣ ਵਾਲੇ ਗਰੋਹ ਨੂੰ ਬੇਨਕਾਬ ਕਰਨ ਲਈ ਉਨ੍ਹਾਂ ਨੇ ਐਸ.ਪੀ ਪਰਮਿੰਦਰ ਸਿੰਘ, ਡੀ.ਐਸ.ਪੀ ਸੰਦੀਪ ਵਡੇਰਾ, ਡੀ.ਐਸ.ਪੀ ਜਸਯਜੋਤ ਸਿੰਘ ਅਤੇ ਸੀ.ਆਈ.ਏ ਇੰਸਪੈਕਟਰ ਕਿੱਕਰ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਸੀ। ਟੀਮ ਨੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਹਿਰਾਸਤ ’ਚ ਲੈ ਲਿਆ। ਲੰਘੀ 26 ਅਗਸਤ ਨੂੰ ਇਸੇ ਗਰੋਹ ਨੇ ਮੋਗਾ ਰੋਡ ’ਤੇ ਢਾਬੇ ’ਤੇ ਰੋਟੀ ਖਾਣ ਲਈ ਰੁਕੇ ਇੱਕ ਕੰਪਨੀ ਦੇ ਮੈਨੇਜਰ ਤੋਂ ਉਸ ਦੀ ਵੈਗਨ ਆਰ ਕਾਰ ਖੋਹ ਲਈ ਸੀ। ਕਾਰ ਵਿੱਚ ਆਧੁਨਿਕ ਸਿਸਟਮ ਲੱਗਿਆ ਸੀ ਜਿਸ ਕਾਰਨ ਕਾਰ ਦੀ ਲੋਕੇਸ਼ਨ ਤੇ ਸਾਰੀ ਜਾਣਕਾਰੀ ਮਿਲ ਗਈ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਨੇ ਦੱਸਿਆ ਕਿ ਕਰਮਜੀਤ ਸਿੰਘ ਉਰਫ ਮੰਡੇਰ ਵਾਸੀ ਪਿੰਡ ਕੁਲਾਲ ਮਾਜਰਾ (ਬਰਨਾਲਾ), ਭਗਵੰਤ ਸਿੰਘ ਉਰਫ ਕਾਲਾ ਵਾਸੀ ਪਿੰਡ ਕਾਲਸਾਂ (ਰਾਏਕੋਟ), ਹਰਜੋਤ ਸਿੰਘ ਉਰਫ ਜੋਤ ਵਾਸੀ ਪਿੰਡ ਐਤੀਆਣਾ (ਸੁਧਾਰ) ਨੂੰ ਅਲੀਗੜ੍ਹ (ਜਗਰਾਉਂ) ਦੇ ਸ਼ਮਸ਼ਾਨ ਘਾਟ ਕੋਲੋਂ ਕਾਰ ਖੋਹਣ ਸਮੇਂ ਵਰਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਜੋ ਚੋਰੀ ਦਾ ਸੀ।