ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਤਿੰਨ ਮੈਂਬਰ ਮੁਕਾਬਲੇ ’ਚ ਹਲਾਕ
ਪੀਲੀਭੀਤ/ਚੰਡੀਗੜ੍ਹ, 23 ਦਸੰਬਰ
ਪੰਜਾਬ ਦੇ ਗੁਰਦਾਸਪੁਰ ਵਿੱਚ ਹੋਏ ਗ੍ਰਨੇਡ ਹਮਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਤਿੰਨ ਸ਼ੱਕੀ ਦਹਿਸ਼ਤਗਰਦ ਅੱਜ ਤੜਕੇ ਪੀਲੀਭੀਤ ਵਿੱਚ ਉੱਤਰ ਪ੍ਰਦੇਸ਼ ਤੇ ਪੰਜਾਬ ਪੁਲੀਸ ਦੀ ਸਾਂਝੀ ਟੀਮ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਹਨ। ਇਸ ਨੂੰ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਮਾਡਿਊਲ ਖ਼ਿਲਾਫ਼ ਪੁਲੀਸ ਦੀ ਇੱਕ ਵੱਡੀ ਸਫਲਤਾ ਕਰਾਰ ਦਿੱਤਾ ਹੈ। ਪੰਜਾਬ ਪੁਲੀਸ ਨੇ ਦੱਸਿਆ ਕਿ ਮਾਰੇ ਗਏ ਦਹਿਸ਼ਤਗਰਦਾਂ ਦੀ ਪਛਾਣ ਗੁਰਵਿੰਦਰ ਸਿੰਘ (25), ਵਰਿੰਦਰ ਸਿੰਘ ਉਰਫ਼ ਰਵੀ (23) ਅਤੇ ਜਸ਼ਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ (18) ਵਜੋਂ ਹੋਈ ਹੈ। ਇਹ ਸਾਰੇ ਹੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਦੇ ਰਹਿਣ ਵਾਲੇ ਸਨ ਅਤੇ ਕਲਾਨੌਰ ਦੇ ਬਕਸ਼ੀਵਾਲਾ ਥਾਣੇ ’ਤੇ ਹੋਏ ਗ੍ਰਨੇਡ ਹਮਲੇ ’ਚ ਸ਼ਾਮਲ ਸਨ। ਬਾਅਦ ਵਿੱਚ ਕੇਜ਼ੈੱਡਐੱਫ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਹ ਮੁਕਾਬਲਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪੀਲੀਭੀਤ ਦੇ ਪੂਰਨਪੁਰ ਖੇਤਰ ਵਿੱਚ ਹੋਇਆ। ਉੱਤਰ ਪ੍ਰਦੇਸ਼ ਪੁਲੀਸ ਦੇ ਵਧੀਕ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਅਮਿਤਾਭ ਯਸ਼ ਨੇ ਕਿਹਾ ਕਿ ਇਹ ਤਿੰਨੋਂ ਗੁਰਦਾਸਪੁਰ ਜ਼ਿਲ੍ਹੇ ਵਿਚਲੀ ਇੱਕ ਪੁਲੀਸ ਚੌਕੀ ’ਤੇ ਹੋਏ ਗ੍ਰਨੇਡ ਹਮਲੇ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ, ‘‘ਮੁਕਾਬਲੇ ਵਿੱਚ ਤਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸੀਐੱਚਸੀ ਪੂਰਨਪੁਰ ਲਿਜਾਇਆ ਗਿਆ, ਜਿੱਥੇ ਇਨ੍ਹਾਂ ਦੀ ਮੌਤ ਹੋ ਗਈ।’’ ਉਨ੍ਹਾਂ ਕੋਲੋਂ ਦੋ ਏਕੇ-47 ਰਾਈਫਲਾਂ, ਦੋ ਪਿਸਤੌਲਾਂ ਅਤੇ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਬਰਾਮਦ ਹੋਇਆ ਹੈ।
ਪੰਜਾਬ ਪੁਲੀਸ ਮੁਖੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉਤੇ ਪਾਈ ਪੋਸਟ ’ਚ ਕਿਹਾ, ‘ਪਾਕਿਸਤਾਨ ਦੀ ਸ਼ਹਿ ਹਾਸਲ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਅਤਿਵਾਦੀ ਮਾਡਿਊਲ ਖਿਲਾਫ ਇੱਕ ਵੱਡੀ ਸਫਲਤਾ ਵਿੱਚ ਯੂਪੀ ਪੁਲੀਸ ਅਤੇ ਪੰਜਾਬ ਪੁਲੀਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਪੁਲੀਸ ਪਾਰਟੀ ’ਤੇ ਗੋਲੀਬਾਰੀ ਕਰਨ ਵਾਲੇ ਤਿੰਨ ਮਾਡਿਊਲ ਮੈਂਬਰਾਂ ਨਾਲ ਮੁਕਾਬਲਾ ਹੋਇਆ ਹੈ।’ ਉਨ੍ਹਾਂ ਕਿਹਾ ਕਿ ਇਹ ਅਤਿਵਾਦੀ ਮਾਡਿਊਲ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਪੁਲੀਸ ਟਿਕਾਣਿਆਂ ’ਤੇ ਹੋਏ ਗ੍ਰਨੇਡ ਹਮਲਿਆਂ ਵਿੱਚ ਸ਼ਾਮਲ ਸੀ। ਉਨ੍ਹਾਂ ਦੱਸਿਆ, ‘ਇਹ ਮੁਕਾਬਲਾ ਪੀਲੀਭੀਤ ਤੇ ਪੰਜਾਬ ਦੀਆਂ ਸਾਂਝੀਆਂ ਪੁਲੀਸ ਟੀਮਾਂ ਅਤੇ ਅਤਿਵਾਦੀਆਂ ਵਿਚਕਾਰ ਪੂਰਨਪੁਰ ਥਾਣਾ ਖੇਤਰ ਵਿੱਚ ਹੋਇਆ ਹੈ ਅਤੇ ਇਹ ਤਿੰਨ ਮਾਡਿਊਲ ਮੈਂਬਰ ਗੁਰਦਾਸਪੁਰ ਵਿੱਚ ਇੱਕ ਪੁਲੀਸ ਚੌਕੀ ’ਤੇ ਹੋਏ ਗ੍ਰਨੇਡ ਹਮਲੇ ਵਿੱਚ ਸ਼ਾਮਲ ਸਨ।’’ ਡੀਜੀਪੀ ਨੇ ਕਿਹਾ ਕਿ ਪੂਰੇ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ। -ਪੀਟੀਆਈ
ਨੌਜਵਾਨਾਂ ਦੇ ਮਾਪਿਆਂ ਨੇ ਦੋਸ਼ ਨਕਾਰੇ
ਗੁਰਦਾਸਪੁਰ/ਡੇਰਾ ਬਾਬਾ ਨਾਨਕ (ਕੇਪੀ ਸਿੰਘ/ਦਲਬੀਰ ਸੱਖੋਵਾਲੀਆ): ਉੱਤਰ ਪ੍ਰਦੇਸ਼ ਦੇ ਪੀਲੀਭੀਤ ’ਚ ਪੁਲੀਸ ਮੁਕਾਬਲੇ ’ਚ ਮਾਰੇ ਗਏ ਤਿੰਨ ਨੌਜਵਾਨਾਂ ’ਚੋਂ ਦੋ ਦੇ ਮਾਪਿਆਂ ਨੇ ਨੌਜਵਾਨਾਂ ’ਤੇ ਲੱਗੇ ਦੋਸ਼ ਨਕਾਰ ਦਿੱਤੇ ਹਨ ਜਦਕਿ ਇੱਕ ਨੌਜਵਾਨ ਦਾ ਅਪਰਾਧਿਕ ਰਿਕਾਰਡ ਹੈ। ਤਿੰਨੇ ਨੌਜਵਾਨ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਇਲਾਕੇ ਦੇ ਵਸਨੀਕ ਸਨ। ਇਨ੍ਹਾਂ ਵਿੱਚੋਂ ਗੁਰਵਿੰਦਰ ਸਿੰਘ (25) ਪੁੱਤਰ ਗੁਰਦੇਵ ਸਿੰਘ ਕਲਾਨੌਰ ਦੇ ਪਿੰਡ ਰਹੀਮਾਬਾਦ ਦਾ ਰਹਿਣ ਵਾਲਾ ਸੀ ਤੇ ਪਿਛਲੇ ਕੁਝ ਸਾਲਾਂ ਤੋਂ ਕਲਾਨੌਰ ਵਿੱਚ ਰਹਿ ਰਿਹਾ ਸੀ। ਗੋਦ ਲਿਆ ਗਿਆ ਗੁਰਵਿੰਦਰ ਸਿੰਘ ਲੁੱਟ-ਖੋਹ ਦੀਆਂ ਛੋਟੀਆਂ-ਮੋਟੀਆਂ ਵਾਰਦਾਤਾਂ ਅੰਜਾਮ ਦੇ ਚੁੱਕਾ ਸੀ ਤੇ ਉਸ ਖ਼ਿਲਾਫ਼ ਕੁਝ ਕੇਸ ਵੀ ਦਰਜ ਹਨ। ਕੁਝ ਸਾਲ ਪਹਿਲਾਂ ਇੱਕ ਨੌਜਵਾਨ ਦੀ ਨਹਿਰ ਵਿੱਚ ਡੁੱਬ ਕੇ ਮੌਤ ਹੋਣ ਮਗਰੋਂ ਉਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਉਹ ਜ਼ਮਾਨਤ ’ਤੇ ਰਿਹਾਅ ਸੀ। ਇਸ ਤੋਂ ਬਾਅਦ ਉਹ ਕਲਾਨੌਰ ’ਚ ਇਕੱਲਾ ਰਹਿਣ ਲੱਗਾ। ਸੂਤਰਾਂ ਨੇ ਦੱਸਿਆ ਕਿ ਉਸ ਦਾ ਇਕ ਰਿਸ਼ਤੇਦਾਰ ਪੀਲੀਭੀਤ ’ਚ ਰਹਿੰਦਾ ਹੈ। ਦੂਜਾ ਨੌਜਵਾਨ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਅਗਵਾਨ ਦਾ ਰਹਿਣ ਵਾਲਾ ਵਰਿੰਦਰ ਸਿੰਘ ਉਰਫ ਰਵੀ (23) ਪੁੱਤਰ ਡਾਕਟਰ ਰਣਜੀਤ ਸਿੰਘ ਸੀ। ਉਸ ਦਾ ਇੱਕ ਭਰਾ ਤੇ ਦੋ ਭੈਣਾਂ ਹਨ। ਗੁਰਵਿੰਦਰ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਅਜਿਹਾ ਕੰਮ ਨਹੀਂ ਕਰ ਸਕਦਾ। ਤੀਜਾ ਨੌਜਵਾਨ ਥਾਣਾ ਕਲਾਨੌਰ ਦੇ ਸਰਹੱਦੀ ਪਿੰਡ ਨਿੱਕਾ ਸ਼ਹੂਰ ਦਾ ਰਹਿਣ ਵਾਲਾ ਜਸ਼ਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ (18) ਹੈ। ਜਸ਼ਨਪ੍ਰੀਤ ਦੀ ਮਾਂ ਨੇ ਦੱਸਿਆ ਕਿ ਜਸ਼ਨਪ੍ਰੀਤ ਇੱਕ ਹਫ਼ਤਾ ਪਹਿਲਾਂ ਟਰੱਕ ’ਤੇ ਡਰਾਈਵਰੀ ਕਰਨ ਲਈ ਗਿਆ ਸੀ ਜਦਕਿ ਇਸ ਦੌਰਾਨ ਬਖਸ਼ੀਵਾਲ ਅਤੇ ਵਡਾਲਾ ਬਾਂਗਰ ਵਿੱਚ ਧਮਾਕੇ ਹੋਣ ਤੋਂ ਬਾਅਦ ਕੋਈ ਪੁਲੀਸ ਕਰਮਚਾਰੀ ਉਨ੍ਹਾਂ ਦੇ ਘਰ ਨਹੀਂ ਪੁੱਜਾ ਪਰ ਅੱਜ ਉਨ੍ਹਾਂ ਨੂੰ ਪਤਾ ਲੱਗਾ ਕਿ ਜਸ਼ਨਪ੍ਰੀਤ ਨੂੰ ਪੁਲੀਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਝੂਠੇ ਮੁਕਾਬਲੇ ’ਚ ਮਾਰਿਆ ਗਿਆ ਹੈ। ਉਨ੍ਹਾਂ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ। ਜਸ਼ਨਪ੍ਰੀਤ ਦਾ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ।