ਲੁਧਿਆਣਾਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਭੇਤ-ਭਰੀ ਹਾਲਤ ’ਚ ਹੱਤਿਆ
ਗਗਨਦੀਪ ਅਰੋੜਾ
ਲੁਧਿਆਣਾ, 7 ਜੁਲਾਈ
ਸਲੇਮ ਟਾਬਰੀ ਦੇ ਨਿਊ ਜਨਕਪੁਰੀ ਇਲਾਕੇ ਵਿੱਚ ਅੱਜ ਸਵੇਰੇ ਇੱਕ ਪਰਿਵਾਰ ਦੇ ਤਿੰਨ ਜੀਆਂ ਦੀਆਂ ਲਾਸ਼ਾਂ ਭੇਤ-ਭਰੀ ਹਾਲਤ ਵਿੱਚ ਮਿਲੀਆਂ। ਮ੍ਰਿਤਕਾਂ ਦੀ ਪਛਾਣ ਚਮਨ ਲਾਲ (70), ਉਸ ਦੀ ਪਤਨੀ ਸੁਰਿੰਦਰ ਕੌਰ ਛਿੰਦੋ (67) ਅਤੇ ਚਮਨ ਲਾਲ ਦੀ ਮਾਤਾ ਸੁਰਜੀਤ ਕੌਰ ਉਰਫ਼ ਬਚਨ ਕੌਰ (90) ਵਜੋਂ ਹੋਈ ਹੈ। ਚਮਨ ਲਾਲ ਦੇ ਚਾਰੋਂ ਪੁੱਤਰ ਵਿਦੇਸ਼ ਵੱਸੇ ਹੋਏ ਹਨ। ਪੁਲੀਸ ਨੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਣ ਮਗਰੋਂ ਪੋਸਟਮਾਰਟਮ ਲਈ ਭੇਜ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਸ਼ਾਮ ਤੱਕ ਪਰਿਵਾਰ ਵਿਹੜੇ ਵਿੱਚ ਸੀ ਅਤੇ ਇਸ ਮਗਰੋਂ ਮੀਂਹ ਪੈਣ ਕਾਰਨ ਉਹ ਘਰ ਦੇ ਅੰਦਰ ਚਲੇ ਗਏ। ਵੀਰਵਾਰ ਸਵੇਰੇ ਜਦੋਂ ਦੋਧੀ ਦੁੱਧ ਪਾਉਣ ਆਇਆ ਤਾਂ ਪਰਿਵਾਰ ਨੇ ਦਰਵਾਜ਼ਾ ਨਾ ਖੋਲ੍ਹਿਆ। ਦੋਧੀ ਗੁਆਂਢੀਆਂ ਦੇ ਘਰ ਦੁੱਧ ਪਾ ਕੇ ਚਲਾ ਗਿਆ ਅਤੇ ਅੱਜ ਸਵੇਰੇ ਜਦੋਂ ਦੋਧੀ ਨੇ ਦੁੱਧ ਪਾਉਣ ਲਈ ਮੁੜ ਦਰਵਾਜ਼ਾ ਖੜਕਾਇਆ ਤਾਂ ਗੁਆਂਢੀਆਂ ਨੇ ਦੱਸਿਆ ਕਿ ਬੀਤੇ ਦਿਨ ਵਾਲਾ ਦੁੱਧ ਵੀ ਉਨ੍ਹਾਂ ਦੇ ਘਰ ਪਿਆ ਹੈ ਅਤੇ ਪਰਿਵਾਰ ਦਾ ਕੋਈ ਜੀਅ ਵੀਰਵਾਰ ਤੋਂ ਦਿਖਾਈ ਨਹੀਂ ਦਿੱਤਾ। ਜਦੋਂ ਉਨ੍ਹਾਂ ਦਰਵਾਜ਼ਾ ਦੇਖਿਆ ਤਾਂ ਇਸ ਨੂੰ ਅੰਦਰੋਂ ਕੁੰਡੀ ਲੱਗੀ ਹੋਈ ਸੀ। ਮੌਕੇ ’ਤੇ ਇਕੱਠੇ ਹੋਏ ਗੁਆਂਢੀਆਂ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਅੰਦਰੋਂ ਪਰਿਵਾਰ ਦੇ ਤਿੰਨਾਂ ਜੀਆਂ ਦੀਆਂ ਖ਼ੂਨ ਨਾਲ ਲੱਥਪਥ ਲਾਸ਼ਾਂ ਬਰਾਮਦ ਹੋਈਆਂ। ਲੋਕਾਂ ਨੇ ਇਸ ਦੀ ਸੂੁਚਨਾ ਤੁਰੰਤ ਪੁਲੀਸ ਨੂੰ ਦਿੱਤੀ। ਮੁਲਜ਼ਮਾਂ ਨੇ ਰਸੋਈ ਗੈਸ ਦਾ ਚੁੱਲ੍ਹਾ ਖੁੱਲ੍ਹਾ ਛੱਡ ਦਿੱਤਾ ਤਾਂ ਕਿ ਲਾਸ਼ਾਂ ਦੀ ਬਦਬੂ ਨਾ ਆਵੇ। ਜੁਆਇੰਟ ਕਮਿਸ਼ਨਰ ਆਫ ਪੁਲੀਸ ਸਿਟੀ ਸੌਮਿਆ ਸ਼ਰਮਾ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਮੌਕੇ ਦਾ ਜਾਇਜ਼ਾ ਲਿਆ। ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਲਾਸ਼ਾਂ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।
ਜਾਇਦਾਦ ਦੇ ਵਿਵਾਦ ਕਾਰਨ ਕਤਲ ਦਾ ਸ਼ੱਕ
ਪੁਲੀਸ ਅਨੁਸਾਰ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੇ ਘਰ ਵਿੱਚੋਂ ਕੋਈ ਵੀ ਸਾਮਾਨ ਨਹੀਂ ਲੁੱਟਿਆ। ਮੌਕੇ ’ਤੇ ਘਰ ’ਚ ਕੁੱਝ ਜ਼ਰੂਰੀ ਦਸਤਾਵੇਜ਼ ਜ਼ਰੂਰ ਖਿੱਲਰੇ ਹੋਏ ਸਨ ਅਤੇ ਇਹ ਕਾਗਜ਼ਾਤ ਜਾਇਦਾਦ ਦੇ ਸਨ। ਜੁਆਇੰਟ ਪੁਲੀਸ ਕਮਿਸ਼ਨਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਪੁਲੀਸ ਦੀਆਂ ਟੀਮਾਂ ਇਸ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੀਆਂ ਹਨ। ਚਮਨ ਲਾਲ ਦੇ ਬੱਚਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਕਾਤਲਾਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਤੇ ਜਲਦੀ ਹੀ ਮਾਮਲਾ ਸੁਲਝਾ ਲਿਆ ਜਾਵੇਗਾ।