ਕੈਬਨਿਟ ਮੰਤਰੀ ਲਕਸ਼ਮੀ ਨਰਾਇਣ ਦੇ ਰਿਸ਼ਤੇਦਾਰ ਦੇ ਕਤਲ ਮਾਮਲੇ ਵਿੱਚ ਤਿੰਨ ਨੂੰ ਉਮਰ ਕੈਦ
ਮਥੁਰਾ, 31 ਮਾਰਚ
ਉੱਤਰ ਪ੍ਰਦੇਸ਼ ਦੀ ਇੱਕ ਅਦਾਲਤ ਨੇ ਸੂਬੇ ਦੇ ਕੈਬਨਿਟ ਮੰਤਰੀ ਲਕਸ਼ਮੀ ਨਰਾਇਣ ਚੌਧਰੀ ਦੇ ਭਰਾ ਤੇ ਸਾਬਕਾ ਵਿਧਾਨ ਪਰਿਸ਼ਦ ਮੈਂਬਰ ਦੇ ਰਿਸ਼ਤੇਦਾਰ ਦੇ ਕਤਲ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦਕਿ ਤਿੰਨ ਹੋਰਾਂ ਨੂੰ ਬਰੀ ਕਰ ਦਿੱਤਾ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਿਤਿਨ ਪਾਂਡੇ ਨੇ ਸਤੀਰਾਮ, ਪ੍ਰਦੀਪ ਅਤੇ ਧਰਮਵੀਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸਤਗਾਸਾ ਪੱਖ ਦੇ ਵਕੀਲ ਅਸ਼ੋਕ ਕੁਮਾਰ ਸਿੰਘ ਨੇ ਦੱਸਿਆ ਕਿ ਹਰ ਦੋਸ਼ੀ ਨੂੰ 5,000 ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 18 ਜਨਵਰੀ 2018 ਨੂੰ ਦਿੱਲੀ-ਆਗਰਾ ਹਾਈਵੇਅ ’ਤੇ ਦੌਤਾਨਾ ਮੋੜ ਨੇੜੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਛੱਤਾ ਖੇਤਰ ਦੇ ਗੌਹਾਰੀ ਪਿੰਡ ਦੇ ਸਾਬਕਾ ਮੁਖੀ ਸਰਮਨ ਸਿੰਘ (63) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲੀਸ ਦੀ ਚਾਰਜਸ਼ੀਟ ਵਿੱਚ ਸਤੀਰਾਮ, ਮਨੋਜ, ਅਸ਼ੋਕ, ਰਾਧਾਚਰਨ, ਉਸ ਦੇ ਪੁੱਤਰ ਧਰਮਵੀਰ, ਪ੍ਰਦੀਪ ਅਤੇ ਮੁੱਖ ਸਾਜ਼ਿਸ਼ਕਰਤਾ ਕਰਮਵੀਰ ਸਿੰਘ ਦੇ ਨਾਮ ਸ਼ਾਮਲ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਕਰਮਵੀਰ ਨੇ ਪੁਰਾਣੀ ਰੰਜਿਸ਼ ਕਾਰਨ ਸਰਮਨ ਦਾ ਕਤਲ ਕੀਤਾ ਸੀ। 17 ਅਗਸਤ 2022 ਨੂੰ ਪੇਸ਼ੀ ਲਈ ਲਿਆਂਦੇ ਗਏ ਕਰਮਵੀਰ ’ਤੇ ਛੱਤਾ ਤਹਿਸੀਲ ਦੇ ਬਾਹਰ ਹਮਲਾ ਹੋਇਆ ਅਤੇ ਉਸੇ ਦਿਨ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਸੀ। ਇਸਤਗਾਸਾ ਪੱਖ ਦੇ ਵਕੀਲ ਨੇ ਕਿਹਾ ਕਿ ਰਾਧਾਚਰਨ, ਅਸ਼ੋਕ ਅਤੇ ਮਨੋਜ ਨੂੰ ਸਬੂਤਾਂ ਦੀ ਘਾਟ ਕਰਕੇ ਬਰੀ ਕਰ ਦਿੱਤਾ ਗਿਆ ਅਤੇ ਸਤੀਰਾਮ, ਪ੍ਰਦੀਪ ਅਤੇ ਧਰਮਵੀਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਨੇ ਤਿੰਨਾਂ ਨੂੰ ਉਮਰ ਕੈਦ ਅਤੇ ਪੰਜ-ਪੰਜ ਹਜ਼ਾਰ ਰੁਪਏ ਦੀ ਸਜ਼ਾ ਸੁਣਾਈ ਹੈ। -ਪੀਟੀਆਈ