ਮਨੀ ਐਕਸਚੇਂਜ ਦੀ ਦੁਕਾਨ ਤੋਂ ਤਿੰਨ ਲੱਖ ਲੁੱਟੇ
ਆਤਿਸ਼ ਗੁਪਤਾ
ਚੰਡੀਗੜ੍ਹ, 27 ਜੁਲਾਈ
ਸਿਟੀ ਬਿਊਟੀਫੁਲ ਦੇ ਸੈਕਟਰ-27 ਵਿੱਚ ਸਥਿਤ ਮਨੀ ਐਕਸਚੇਂਜ ਦੀ ਦੁਕਾਨ ਵਿੱਚੋਂ ਦਨਿ ਦਿਹਾੜੇ ਦੋ ਨੌਜਵਾਨ ਪਿਸਤੌਲ ਦੇ ਦਮ ’ਤੇ ਤਿੰਨ ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-26 ਦੀ ਪੁਲੀਸ ਨੇ ਸ਼ਹਿਰ ਵਿੱਚ ਨਾਕਾਬੰਦੀ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਦੇਰ ਸ਼ਾਮ ਤੱਕ ਕੁਝ ਪਤਾ ਨਾ ਲੱਗਿਆ।
ਇਸ ਸਬੰਧੀ ਪੀੜਤ ਸੰਜੀਵ ਕੁਮਾਰ ਕਾਲੀਆ ਵਾਸੀ ਟ੍ਰਬਿਿਊਨ ਕਲੋਨੀ ਰਾਏਪੁਰ ਖੁਰਦ ਨੇ ਦੱਸਿਆ ਕਿ ਉਹ ਮਨੀ ਐਕਸਚੇਂਜ ਦਾ ਕੰਮ ਕਰਦਾ ਹੈ। ਉਹ ਦੁਪਹਿਰ ਸਮੇਂ ਸੈਕਟਰ-27 ਏ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚੋਂ 2 ਲੱਖ 80 ਹਜ਼ਾਰ ਰੁਪਏ ਕਢਵਾ ਕੇ ਲਿਆਇਆ ਸੀ ਅਤੇ ਉਸ ਦੀ ਦੁਕਾਨ ’ਤੇ 20 ਹਜ਼ਾਰ ਰੁਪਏ ਪਏ ਸਨ। ਉਸ ਨੇ ਦੱਸਿਆ ਕਿ ਦੁਪਹਿਰ 2.10 ਵਜੇ ਦੋ ਲੜਕੇ ਉਸ ਦੀ ਦੁਕਾਨ ਵਿੱਚ ਆਏ ਅਤੇ ਪਿਸਤੌਲ ਦਿਖਾ ਕੇ ਉਸ ਦੀ ਦੁਕਾਨ ਵਿੱਚੋਂ ਤਿੰਨ ਲੱਖ ਰੁਪਏ ਅਤੇ ਉਸ ਦਾ ਪਰਸ ਲੁੱਟ ਕੇ ਫ਼ਰਾਰ ਹੋ ਗਏ। ਪਰਸ ਵਿੱਚ 7-8 ਹਜ਼ਾਰ ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਸਨ।
ਸੰਜੀਵ ਨੇ ਦੱਸਿਆ ਕਿ ਇਕ ਨੌਜਵਾਨ ਮੋਨਾ ਸੀ ਅਤੇ ਇਕ ਨੇ ਟੋਪੀ ਪਾਈ ਹੋਈ ਸੀ ਜੋ ਉਸ ਦੀ ਦੁਕਾਨ ਵਿੱਚੋਂ ਰੁਪਏ ਲੈ ਕੇ ਫ਼ਰਾਰ ਹੋ ਗਏ। ਇਸ ਦੀ ਜਾਣਕਾਰੀ ਉਸ ਨੇ ਪੁਲੀਸ ਨੂੰ ਦੇ ਦਿੱਤੀ ਹੈ। ਘਟਨਾ ਤੋਂ ਤੁਰੰਤ ਬਾਅਦ ਥਾਣਾ ਸੈਕਟਰ-26 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਗੁਆਂਢ ਦੀ ਦੁਕਾਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਹਮਲਾ ਕਰਕੇ ਮੋਬਾਈਲ ਫੋਨ ਤੇ ਨਕਦੀ ਲੁੱਟੀ
ਸਥਾਨਕ ਧਨਾਸ ਇਲਾਕੇ ਵਿੱਚ ਦੋ ਨੌਜਵਾਨਾਂ ਨੇ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਮੋਬਾਈਲ ਫੋਨ ਅਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ। ਇਸ ਦੌਰਾਨ ਯੋਗੇਸ਼ ਕੁਮਾਰ ਵਾਸੀ ਧਨਾਸ ਜ਼ਖ਼ਮੀ ਹੋ ਗਿਆ, ਜਿਸ ਨੂੰ ਪੀਜੀਆਈ ਭਰਤੀ ਕੀਤਾ। ਊਸ ਨੇ ਪੁਲੀਸ ਨੂੰ ਦੱਸਿਆ ਕਿ ਵਿਸ਼ਾਲ ਵਾਸੀ ਧਨਾਸ ਅਤੇ ਕਾਲੀ ਵਾਸੀ ਡੱਡੂ ਮਾਜਰਾ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਮੋਬਾਈਲ ਫੋਨ ਅਤੇ 700 ਰੁਪਏ ਨਕਦ ਖੋਹ ਕੇ ਫ਼ਰਾਰ ਹੋ ਗਏ। ਥਾਣਾ ਸਾਰੰਗਪੁਰ ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।