ਸੜਕ ਹਾਦਸਿਆਂ ਵਿੱਚ ਤਿੰਨ ਹਲਾਕ, ਤਿੰਨ ਜ਼ਖ਼ਮੀ
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ-ਬਰਨਾਲਾ ਰੋਡ ’ਤੇ ਆਈਟੀਆਈ ਨਜ਼ਦੀਕ ਕਾਰ ਦੀ ਈ-ਰਿਕਸ਼ਾ ਨਾਲ ਟੱਕਰ ਹੋਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਬੱਚੇ ਸਮੇਤ ਤਿੰਨ ਔਰਤਾਂ ਜ਼ਖਮੀ ਹੋ ਗਈਆਂ। ਠੂਠਿਆਂਵਾਲੀ ਪੁਲੀਸ ਚੌਕੀ ਵੱਲੋਂ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਠੂਠਿਆਂਵਾਲੀ ਪੁਲੀਸ ਚੌਕੀ ਦੇ ਏਐੱਸਆਈ ਰਸਾਲ ਸਿੰਘ ਨੇ ਦੱਸਿਆ ਕਿ ਮਾਨਸਾ-ਬਰਨਾਲਾ ਰੋਡ ’ਤੇ ਕੈਂਚੀਆਂ ਵੱਲ ਸਰਕਾਰੀ ਆਈਟੀਆਈ ਦੇ ਨਜ਼ਦੀਕ ਇੱਕ ਈ-ਰਿਕਸ਼ਾ ਐਤਵਾਰ ਨੂੰ ਸ਼ਾਮੀਂ ਆ ਰਿਹਾ ਸੀ ਅਤੇ ਇਸ ਦੌਰਾਨ ਇੱਕ ਕਾਰ ਓਵਰਟੇਕ ਕਰ ਰਹੀ ਸੀ। ਇਸ ਦੌਰਾਨ ਕਾਰ ਨਾਲ ਟਕਰਾ ਗਿਆ ਤੇ ਈ-ਰਿਕਸ਼ਾ ਖੇਤਾਨਾਂ ’ਚ ਚਲਿਆ ਗਿਆ, ਜਿਸ ਦੌਰਾਨ ਚਾਲਕ ਗੇਂਦਾ ਸਿੰਘ (50) ਦਾ ਸਿਰ ਈ ਰਿਕਸ਼ਾ ਦੇ ਹੈਂਡਲ ’ਚ ਵੱਜਿਆ ਤੇ ਉਸ ਦੀ ਮੌਤ ਹੋ ਗਈ ਅਤੇ ਇਸ ਦੇ ਇਲਾਵਾ ਔਰਤ ਜੀਤੋ ਦੇਵੀ (70) ਦੀ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਇਸਦੇ ਇਲਾਵਾ ਇੱਕ ਬੱਚੇ ਸਮੇਤ ਤਿੰਨ ਔਰਤਾਂ ਜ਼ਖਮੀ ਹੋ ਗਈਆਂ ਅਤੇ ਉਹ ਹਸਪਤਾਲ ‘ਚ ਦਾਖਲ ਸਨ ਅਤੇ ਹੁਣ ਛੁੱਟੀ ਲੈਕੇ ਚਲੀਆਂ ਗਈਆਂ ਹਨ। ਪੁਲੀਸ ਅਧਿਕਾਰੀ ਰਸਾਲ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਸਰਬਜੀਤ ਸਿੰਘ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਦੇ ਕੰਗਣਪੁਰ ਰੋਡ ’ਤੇ ਇਕ ਤੇਜ਼ ਰਫਤਾਰ ਵਾਹਨ ਨੇ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਸੰਦੀਪ ਕੁਮਾਰ ਵਾਸੀ ਬੂਟਾ ਕਲੋਨੀ ਨੇ ਦੱਸਿਆ ਕਿ ਉਸ ਦਾ ਪਿਤਾ ਸ਼ੰਕਰ ਲਾਲ ਬੀਤੀ ਸ਼ਾਮ ਕੰਗਣਪੁਰ ਰੋਡ ਤੋਂ ਪੈਦਲ ਘਰ ਵੱਲ ਆ ਰਿਹਾ ਸੀ। ਇਸ ਦੌਰਾਨ ਕੰਗਣਪੁਰ ਰੋਡ ’ਤੇ ਇਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਉਛਲ ਕੇ ਦੂਰ ਜਾ ਡਿੱਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਵਾਹਨ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਆਸ-ਪਾਸ ਦੇ ਲੋਕ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।