ਹੈਲੀਕਾਪਟਰ ਹਾਦਸੇ ’ਚ ਦੋ ਪਾਇਲਟਾਂ ਸਣੇ ਤਿੰਨ ਹਲਾਕ
ਪੁਣੇ, 2 ਅਕਤੂਬਰ
Helicopter crashed near Pune: ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਬੁੱਧਵਾਰ ਸਵੇਰੇ ਇਕ ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਦੋ ਪਾਇਲਟਾਂ ਤੇ ਇਕ ਇੰਜਨੀਅਰ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ ਹੈ।
ਹੈਲੀਕਾਪਟਰ ਦਿੱਲੀ ਆਧਾਰਤ ਨਿਜੀ ਫਰਮ ਹੈਰੀਟੇਜ ਏਵੀਏਸ਼ਨ ਨਾਲ ਸਬੰਧਤ ਸੀ, ਜਿਹੜਾ ਆਕਸਫੋਰਡ ਕਾਊਂਟੀ ਗੋਲਫ ਕੋਰਸ ਤੋਂ ਉਡ ਕੇ ਮੁੰਬਈ ਵਿਚ ਜੁਹੂ ਜਾ ਰਿਹਾ ਸੀ, ਜਦੋਂ ਸਵੇਰੇ 7.40 ਵਜੇ ਇਹ ਹਾਦਸੇ ਵਿਚ ਤਬਾਹ ਹੋ ਗਿਆ। ਹਾਦਸਾ ਬਾਵਧਨ ਇਲਾਕੇ ਵਿੱਚ ਪਹਾੜੀ ਖੇਤਰ ’ਚ ਵਾਪਰਿਆ ਅਤੇ ਹਾਦਸੇ ਪਿੱਛੋਂ ਹੈਲੀਕਾਪਟਰ ਨੂੰ ਅੱਗ ਲੱਗ ਗਈ।
ਪਿਮਰੀ ਛਿੰਦਵਾੜ ਦੇ ਪੁਲੀਸ ਕਮਿਸ਼ਨਰ ਵਿਜੇ ਕੁਮਾਰ ਚੌਬੇ ਨੇ ਕਿਹਾ, ‘‘ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਸਾਡੀਆਂ ਟੀਮਾਂ ਅੱਗ ਬੁਝਾਊ ਵਿਭਾਗ ਦੇ ਦਸਤੇ ਸਣੇ ਘਟਨਾ ਵਾਲੀ ਥਾਂ ਪਹੁੰਚ ਗਈਆਂ ਹਨ।’’
ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗਣ ਕਾਰਨ ਘਟਨਾ ਸਥਾਨ ’ਤੇ ਫਾਇਰ ਟੈਂਡਰਾਂ ਨੂੰ ਵੀ ਭੇਜਿਆ ਗਿਆ ਹੈ। ਪਿਮਰੀ ਛਿੰਦਵਾੜ ਦੀ ਮਿਉਂਸਪਲ ਕਾਰਪੋਰੇਸ਼ਨ ਦੇ ਫਾਇਰ ਅਫ਼ਸਰ ਅਨਿਲ ਡਿਮਲੇ ਨੇ ਕਿਹਾ, ‘‘ਮ੍ਰਿਤਕਾਂ ਦੀ ਪਛਾਣ ਗਿਰੀਸ਼ ਕੁਮਾਰ, ਪ੍ਰੀਤਮ ਸਿੰਘ ਭਾਰਦਵਾਜ ਅਤੇ ਪਰਮਜੀਤ ਸਿੰਘ ਵਜੋਂ ਹੋਈ ਹੈ।’’ ਉਨ੍ਹਾਂ ਕਿਹਾ ਕਿ ਹਦਾਸੇ ਦੇ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ। -ਪੀਟੀਆਈ