ਧੁੰਦ ਕਾਰਨ ਸੜਕ ਹਾਦਸਿਆਂ ’ਚ ਤਿੰਨ ਮੌਤਾਂ
ਗੁਰਦੀਪ ਸਿੰਘ ਭੱਟੀ
ਟੋਹਾਣਾ, 5 ਜਨਵਰੀ
ਇੱਥੇ ਧੁੰਦ ਕਾਰਨ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਅਤੇ ਚਾਰ ਜ਼ਖ਼ਮੀ ਹੋ ਗਏ।
ਅੱਜ ਤੜਕੇ ਚੰਡੀਗੜ੍ਹ-ਹਿਸਾਰ ਸੜਕ ’ਤੇ ਸੁਰੇਵਾਲਾ ਮੌੜ ’ਤੇ ਹਿਸਾਰ ਜਾ ਰਹੀ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ।
ਇਸੇ ਦੌਰਾਨ ਪਿੱਛੋਂ ਆ ਰਹੇ ਟਰੱਕ ਨੇ ਪਲਟੀ ਕਾਰ ਦੇ ਸਵਾਰਾਂ ਦੀ ਮਦਦ ਵਿੱਚ ਆਏ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਕਾਰ ਸਵਾਰ ਥਾਣੇਸਰ ਵਾਸੀ ਅਨੂਪ ਗਰਗ (35) ਤੇ ਮਦਦ ਲਈ ਆਇਆ ਜਾਜਨਵਾਲਾ ਦਾ ਸੁਰੇਸ਼ (40) ਦੱਸਿਆ ਗਿਆ ਹੈ।
ਹਾਦਸੇ ਮਗਰੋਂ ਮੌਕੇ ’ਤੇ ਪੁੱਜੀ ਪੁਲੀਸ ਨੇ 4 ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਦੋ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਹਿਸਾਰ ਭੇਜਿਆ ਗਿਆ। ਉਧਰ, ਦਿੱਲੀ-ਡੱਬਵਾਲੀ ਕੌਮੀ ਸੜਕ-9 ਦੇ ਅਗਰੋਹਾ ਕੋਲ ਆਈ-20 ਕਾਰ ਰਸਤਾ ਭਟਕ ਜਾਣ ’ਤੇ ਛੱਪੜ ਵਿੱਚ ਡਿੱਗ ਗਈ। ਇਸ ਕਾਰਨ ਕਾਰ ਸਵਾਰ ਜੀਵਨ (53) ਵਾਸੀ ਭੋੜੀਆਂ ਖੇੜਾ ਦੀ ਮੌਤ ਹੋ ਗਈ।
ਧੁੰਦ ਕਾਰਨ ਹਾਦਸੇ ਵਿੱਚ ਅੱਠ ਮੁਲਾਜ਼ਮ ਜ਼ਖਮੀ
ਕਪੂਰਥਲਾ (ਨਿੱਜੀ ਪੱਤਰ ਪ੍ਰੇਰਕ): ਕਪੂਰਥਲਾ-ਸੁਭਾਨਪੁਰ ਰੋਡ ’ਤੇ ਪਿੰਡ ਭੀਲਾ ਕੋਲ ਲੰਘੀ ਦੇਰ ਰਾਤ ਸੰਘਣੀ ਧੁੰਦ ਕਾਰਨ ਆਈਟੀਸੀ ਕੰਪਨੀ ਦੀ ਬੱਸ ਸੜਕ ਕੰਢੇ ਖੜ੍ਹੇ ਕੰਟੇਨਰ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਆਈਟੀਸੀ ਵਿੱਚ ਕੰਮ ਕਰਦੇ ਨੌਜਵਾਨ ਅਤੇ ਸੱਤ ਔਰਤਾਂ ਜ਼ਖਮੀ ਹੋ ਗਈਆਂ। ਇਨ੍ਹਾਂ ਨੂੰ ਦੇਰ ਰਾਤ ਸਿਵਲ ਹਸਪਤਾਲ ਕਪੂਰਥਲਾ ਭਰਤੀ ਕਰਵਾਇਆ ਗਿਆ। ਜ਼ਖ਼ਮੀਆਂ ਵਿੱਚ ਕਰਨ, ਨਾਨਕੀ, ਮਨਦੀਪ, ਮਨਦੀਪ ਕੌਰ, ਨੇਹਾ, ਸੀਮਾ, ਅਮਰਜੀਤ ਕੌਰ ਅਤੇ ਪ੍ਰਿਆ ਸ਼ਾਮਲ ਸਨ। ਸਿਵਲ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਤਾਇਨਾਤ ਡਿਊਟੀ ਡਾਕਟਰ ਮੁਹੰਮਦ ਮੋਇਨ ਨੇ ਜ਼ਖਮੀਆਂ ਦਾ ਇਲਾਜ ਕੀਤਾ। ਸਾਰੇ ਜ਼ਖਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।