ਪਾਣੀ ਵਿੱਚ ਡੁੱਬਣ ਕਾਰਨ ਦੋ ਬੱਚਿਆਂ ਸਣੇ ਤਿੰਨ ਦੀ ਮੌਤ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 16 ਜੁਲਾਈ
ਜ਼ਿਲ੍ਹੇ ਵਿੱਚ ਬੀਤੇ ਦਨਿ ਪਾਣੀ ਵਿੱਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੋਲਾ ਪਿੰਡ ਦੇ ਦੋ ਸਕੇ ਭਰਾ ਖੇਤਾਂ ਵਿੱਚ ਘੁੰਮਣ ਗਏ ਸਨ ਕਿ ਬੇਗਨਾ ਨਦੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਗੋਲਾ ਵਾਸੀ ਨਵਾਬ ਅਲੀ ਨੇ ਦੱਸਿਆ ਕਿ ਉਸ ਦੇ ਦੋ ਪੁੱਤ ਫਰਮਾਨ ਅਲੀ (14) ਅਤੇ ਸ਼ਮਸ਼ਾਦ ਅਲੀ (13) ਸ਼ਨਿੱਚਰਵਾਰ ਸਵੇਰੇ 11 ਵਜੇ ਖੇਤਾਂ ’ਚ ਘੁੰਮਣ ਗਏ ਸਨ। ਬੇਗਨਾ ਨਦੀ ਵਿਚ ਪਾਣੀ ਜ਼ਿਆਦਾ ਆਉਣ ਕਰਕੇ ਬੰਨ੍ਹ ਟੁੱਟ ਗਿਆ ਅਤੇ ਦੋਵੇਂ ਪਾਣੀ ਦੇ ਤੇਜ਼ ਵਹਾਅ ਕਾਰਨ ਡੁੱਬ ਗਏ। ਇਕ ਹੋਰ ਬੱਚਾ ਅਨੀਕੇਤ ਵੀ ਉਨ੍ਹਾਂ ਦੇ ਨਾਲ ਸੀ। ਉਸ ਨੇ ਆ ਕੇ ਦੋਵਾਂ ਦੇ ਡੁੱਬਣ ਬਾਰੇ ਦੱਸਿਆ। ਪਿੰਡ ਵਾਲਿਆਂ ਨੇ 15-20 ਮਿੰਟਾਂ ਬਾਅਦ ਹੀ ਦੋਵਾਂ ਨੂੰ ਪਾਣੀ ਵਿੱਚੋਂ ਕੱਢ ਕੇ ਮੁਲਾਣਾ ਮੈਡੀਕਲ ਕਾਲਜ ਪਹੁੰਚਾਇਆ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਫਰਮਾਨ ਅਲੀ ਨੌਵੀਂ ਅਤੇ ਸ਼ਮਸ਼ਾਦ ਅਲੀ ਸੱਤਵੀਂ ਜਮਾਤ ਵਿਚ ਪੜ੍ਹਦਾ ਸੀ। ਇਹ ਪਰਿਵਾਰ ਬਰੇਲੀ ਦੇ ਕੋਲੋਂ ਆ ਕੇ ਇੱਥੇ ਵਸਿਆ ਹੋਇਆ ਹੈ ਅਤੇ ਸਬਜ਼ੀਆਂ ਲਾਉਣ ਦਾ ਕੰਮ ਕਰਦਾ ਹੈ।
ਇਸੇ ਤਰ੍ਹਾਂ ਬਰਾੜਾ ਦੇ ਤੰਦਵਾਲ ਪਿੰਡ ਵਿੱਚ ਰਹਿਣ ਵਾਲੇ 60 ਸਾਲਾ ਦਰਸ਼ਨ ਸਿੰਘ ਦੀ ਡੁੱਬਣ ਨਾਲ ਮੌਤ ਹੋ ਗਈ। ਦਰਸ਼ਨ ਸਿੰਘ ਦੇ ਪੁੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਖੇਤਾਂ ਵਿਚ ਬਣੇ ਡੇਰੇ ’ਤੇ ਰਹਿੰਦਾ ਹੈ। ਪਾਣੀ ਆਉਣ ਕਰਕੇ ਥਾਂ-ਥਾਂ ਡੂੰਘੇ ਟੋਏ ਪੈ ਗਏ ਹਨ, ਜਨਿ੍ਹਾਂ ਵਿਚ ਅਜੇ ਵੀ ਪਾਣੀ ਭਰਿਆ ਹੋਇਆ ਹੈ। ਉਸ ਦਾ ਪਿਤਾ ਦਰਸ਼ਨ ਸਿੰਘ ਦੁਕਾਨ ਤੋਂ ਸਾਮਾਨ ਲੈਣ ਗਿਆ ਸੀ ਪਰ ਘਰ ਨਾ ਪਰਤਿਆ। ਉਨ੍ਹਾਂ ਨੇ ਜਦੋਂ ਤਲਾਸ਼ ਕੀਤੀ ਤਾਂ ਦਰਸ਼ਨ ਸਿੰਘ ਦੀ ਲਾਸ਼ ਪਾਣੀ ਦੇ ਡੂੰਘੇ ਟੋਏ ਵਿੱਚੋਂ ਮਿਲੀ।