ਹੈਤੀ ਵਿੱਚ ਹਿੰਸਾ ਕਾਰਨ ਤਿੰਨ ਲੱਖ ਬੱਚੇ ਹੋਏ ਬੇਘਰ
ਸਾਂ ਜੁਆਨ: ਹੈਤੀ ਵਿੱਚ ਗਰੋਹਾਂ ਵੱਲੋਂ ਕੀਤੀ ਗਈ ਹਿੰਸਾ ਕਾਰਨ ਮਾਰਚ ਤੋਂ 3,00,000 ਤੋਂ ਵੱਧ ਬੱਚੇ ਬੇਘਰ ਹੋ ਗਏ ਹਨ। ਸੰਯੁਕਤ ਰਾਸ਼ਟਰ ਦੀ ਬਾਲ ਏਜੰਸੀ ਨੇ ਅੱਜ ਇਹ ਖੁਲਾਸਾ ਕੀਤਾ। ਇਹ ਕੈਰੇਬੀਅਨ ਦੇਸ਼ ਹੱਤਿਆਵਾਂ ਅਤੇ ਅਗਵਾ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਜੂਝ ਰਿਹਾ ਹੈ। ਪਿਛਲੇ ਚਾਰ ਮਹੀਨਿਆਂ ਵਿੱਚ ਬੇਘਰ ਹੋਏ ਲਗਪਗ 5,80,000 ਲੋਕਾਂ ’ਚੋਂ ਅੱਧੇ ਤੋਂ ਵੱਧ ਬੱਚੇ ਹਨ। ਸਰਕਾਰ ਦੇ ਮੁੱਖ ਬੁਨਿਆਦੀ ਢਾਂਚੇ ’ਤੇ ਲੜੀਵਾਰ ਹਮਲਿਆਂ ਮਗਰੋਂ ਫਰਵਰੀ ਦੇ ਅਖੀਰ ਵਿੱਚ ਹਿੱਸਾ ’ਚ ਵਾਧਾ ਸ਼ੁਰੂ ਹੋਇਆ ਸੀ। ਇਸ ਮਗਰੋਂ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੇ ਅਪਰੈਲ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਯੂਨਾਈਟਿਡ ਨੇਸ਼ਨਜ਼ ਚਿਲਡਰਨ’ਜ਼ ਫੰਡਜ਼ (ਯੂਨੀਸੈੱਫ) ਦੀ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਰਸਲ ਨੇ ਇੱਕ ਬਿਆਨ ਵਿੱਚ ਕਿਹਾ, ‘‘ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਮਨੁੱਖਤਾ ਦਾ ਘਾਣ ਬੱਚਿਆਂ ’ਤੇ ਮਾਰੂ ਪ੍ਰਭਾਵ ਪਾ ਰਿਹਾ ਹੈ। ਬੇਘਰ ਹੋਏ ਬੱਚਿਆਂ ਨੂੰ ਇੱਕ ਸੁਰੱਖਿਅਤ ਵਾਤਾਵਰਨ ਅਤੇ ਕੌਮਾਂਤਰੀ ਭਾਈਚਾਰੇ ਤੋਂ ਸਮਰਥਨ ਤੇ ਫੰਡਿੰਗ ਦੀ ਸਖ਼ਤ ਲੋੜ ਹੈ।’’ -ਏਪੀ