ਰਾਜਿੰਦਰਾ ਹਸਪਤਾਲ ’ਤੇ ਖ਼ਰਚੇ ਜਾਣਗੇ ਪੌਣੇ ਤਿੰਨ ਸੌ ਕਰੋੜ: ਸਿਹਤ ਮੰਤਰੀ
ਖੇਤਰੀ ਪ੍ਰਤੀਨਿਧ
ਪਟਿਆਲਾ, 7 ਜੁਲਾਈ
ਸਰਕਾਰੀ ਰਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਵਿਚ ਸੁਧਾਰ ਲਈ ਜਲਦੀ ਹੀ ਕਰੀਬ ਪੌਣੇ ਤਿੰਨ ਸੌ ਕਰੋੜ ਰੁਪਏ ਖ਼ਰਚੇ ਜਾਣਗੇ। ਇਹ ਜਾਣਕਾਰੀ ਮੈਡੀਕਲ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ.ਬਲਬੀਰ ਸਿੰਘ ਨੇ ਅੱਜ ਸਰਕਾਰੀ ਮੈਡੀਕਲ ਕਾਲਜ ਵਿੱਚ ਉੱਚ ਪੱਧਰੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਰਜਿੰਦਰਾ ਹਸਪਤਾਲ ਵਿੱਚ 150 ਕਰੋੜ ਨਾਲ ਸਟੇਟ ਆਫ ਦੀ ਆਰਟ ਟਰੌਮਾ ਸੈਂਟਰ ਜਲਦ ਬਣਾਉਣਾ ਸ਼ੁਰੂ ਕੀਤਾ ਜਾਵੇਗਾ। ਮੈਡੀਕਲ ਕਾਲਜ ਦੇ ਸੀਨੀਅਰ ਰੈਜ਼ੀਡੈਂਸ ਅਤੇ ਹੋਰ ਮੈਡੀਕਲ ਸਟਾਫ ਲਈ 92 ਕਰੋੜ ਨਾਲ ਮਲਟੀਸਟੋਰੀ ਫਲੈਟ, ਜੂਨੀਅਰ ਰੈਜ਼ੀਡੈਂਟ ਲਈ 13.52 ਕਰੋੜ ਨਾਲ ਹੋਸਟਲ ਬਣਾਉਣ, 1.11 ਕਰੋੜ ਨਾਲ ਲਾਂਡਰੀ ਪਲਾਂਟ ਦਾ ਨਵੀਨੀਕਰਨ ਕਰਨ ਅਤੇ ਈਐਨਟੀ ਵਿਭਾਗ ਵਿੱਚ 31 ਲੱਖ ਨਾਲ ਐਡੋਲੋਜੀ ਰੂਮ ਸਥਾਪਤ ਕਰਨ ਸਣੇ ਮੈਡੀਕਲ ਕਾਲਜ ਵਿੱਚ 4.75 ਕਰੋੜ ਨਾਲ ਸਪੋਰਟਸ ਹਾਲ ਦੀ ਉਸਾਰੀ ਵੀ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਲਈ ਸਰਕਾਰ ਨੇ ਵੱਡਾ ਬਜਟ ਰੱਖਿਆ ਹੈ। ਇਸ ਦੇ ਨਤੀਜੇ ਜਲਦ ਦੇਖਣ ਨੂੰ ਮਿਲਣਗੇ। ਸਰਕਾਰੀ ਡੈਂਟਲ ਕਾਲਜ ’ਚ ਐਸੋਸੀਏਟ ਪ੍ਰੋਫੈਸਰ ਦੀਆਂ ਅਸਾਮੀਆਂ ਵੀ ਜਲਦੀ ਕੱਢੀਆਂ ਜਾਣਗੀਆਂ ਅਤੇ ਸਿਹਤ ਵਿਭਾਗ ਵਿੱਚ ਸਟਾਫ਼ ਦੀ ਕਮੀ ਨੂੰ ਹਰੇਕ ਪੱਧਰ ’ਤੇ ਦੂਰ ਕੀਤਾ ਜਾਵੇਗਾ।
ਰੌਂਗਲਾ ਤੋਂ ਅੱਜ ਸ਼ੁਰੂ ਹੋਵੇਗੀ ਨਸ਼ਿਆਂ ਖ਼ਿਲਾਫ਼ ਜੰਗ
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਵਿੱਚ ਨਸ਼ਿਆਂ ਖ਼ਿਲਾਫ਼ ਵੱਡੀ ਜੰਗ ਪਿੰਡ ਰੌਂਗਲਾ ਦੇ ਸਰਕਾਰੀ ਸਕੂਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦਾ ਆਗਾਜ਼ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ 8 ਜੁਲਾਈ ਨੂੰ ਸਵੇਰੇ ਨੌਂ ਵਜੇ ਕੀਤਾ ਜਾਵੇਗਾ। ਇਸ ਮੌਕੇ ਅਧਿਕਾਰੀਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਨਸ਼ਿਆਂ ਵਿੱਚ ਜਕੜੇ ਨੌਜਵਾਨਾਂ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਜਾਗਰੂਕ ਕਰਨਗੀਆਂ। ਮੰਤਰੀ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਜਾ ਰਹੀ ਇਸ ਵਿਸ਼ੇਸ਼ ਮੁਹਿੰਮ ਵਿੱਚ ਜਿੱਥੇ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ, ਉੱਥੇ ਹੀ ਜ਼ਿਲ੍ਹਾ ਵਾਸੀਆਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਪੈਰਾਂ ਸਿਰ ਖੜ੍ਹਾ ਕਰਨ ਲਈ ਪੰਜਾਬ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਲਈ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ਾ ਨਸ਼ਿਆਂ ਖਿਲਾਫ਼ ਇਸ ਜੰਗ ਦੌਰਾਨ ਜਾਗਰੂਕਤਾ ਦੇ ਨਾਲ-ਨਾਲ ਇਸ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਵਿਸ਼ੇਸ਼ ਪ੍ਰੋਗਰਾਮ ਵੀ ਉਲੀਕੇ ਜਾਣਗੇੇ।