ਢਾਬੀ ਗੁੱਜਰਾਂ ਬਾਰਡਰ ’ਤੇ ਡੱਲੇਵਾਲ ਦੀਆਂ ਤਿੰਨ ਪੀੜ੍ਹੀਆਂ ਡਟੀਆਂ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 14 ਜਨਵਰੀ
ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ’ਚ ਮਰਨ ਵਰਤ ’ਤੇ ਬੈਠਿਆਂ ਜਦੋਂ ਵੀ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਤਾਂ ਲੋਕਾਂ ਨੇ ਇਕੱਠ ਕਰਨ ’ਚ ਕੋਈ ਕਸਰ ਨਹੀਂ ਛੱਡੀ। ਡੱਲੇਵਾਲ ਨੇ ਜਿਨ੍ਹਾਂ ਦੇ ਲੇਖੇ ਸਾਰੀ ਜ਼ਿੰਦਗੀ ਲਾਈ ਹੈ, ਹੁਣ ਉਨ੍ਹਾਂ ਦੀਆਂ ਦੁਆਵਾਂ ਉਨ੍ਹਾਂ ਨੂੰ ਜੀਵਨ ਦੇਣ ਵਿੱਚ ਸਹਾਈ ਹੋ ਰਹੀਆਂ ਹਨ। ਦੂਸਰੇ ਪਾਸੇ ਪਿੰਡ ਡੱਲੇਵਾਲ ਦੀਆਂ ਗਲੀਆਂ ਵਿੱਚ ਸੁੰਨ ਪੱਸਰੀ ਹੋਈ ਹੈ। ਜਾਣਕਾਰੀ ਅਨੁਸਾਰ ਘਰ ਨੂੰ ਅਕਸਰ ਜਿੰਦਰਾ ਲੱਗਿਆ ਰਹਿੰਦਾ ਹੈ, ਕਿਉਂਕਿ ਤਿੰਨ ਪੀੜ੍ਹੀਆਂ ਜਿਨ੍ਹਾਂ ’ਚ ਡੱਲੇਵਾਲ, ਡੱਲੇਵਾਲ ਦਾ ਪੁੱਤਰ ਅਤੇ ਪੋਤਰਾ ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ ਡਟੀਆਂ ਹੋਈਆਂ ਹਨ।
ਇੱਥੇ ਪੁੱਜੇ ਪਿੰਡ ਡੱਲੇਵਾਲ ਦੇ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਦਾ ਵੱਡਾ ਭਰਾ ਰਣਜੀਤ ਸਿੰਘ ਇਸੇ ਜਥੇਬੰਦੀ ਦਾ ਹਿੱਸਾ ਸੀ, ਉਨ੍ਹਾਂ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਇਨ੍ਹਾਂ ਦੋਵੇਂ ਭਰਾਵਾਂ ਕੋਲ 40 ਕਿੱਲੇ ਜ਼ਮੀਨ ਸੀ। ਇਹ ਪਰਿਵਾਰ ਮੁੱਢ ਤੋਂ ਹੀ ਅਣਖੀ ਹੈ, ਪਰ ਡੱਲੇਵਾਲ ਨੇ ਹਮੇਸ਼ਾ ਸ਼ਬਦਾਂ ਦੀ ਜੰਗ ਨੂੰ ਵੱਧ ਮਹੱਤਤਾ ਦਿੱਤੀ ਹੈ, ਉਹ ਹੁਣ ਵੀ ਸ਼ਬਦਾਂ ਦੀ ਜੰਗ ਲੜ ਰਹੇ ਹਨ। ਪਿੰਡ ਵਿੱਚ ਉਨ੍ਹਾਂ ਕੋਲੋਂ ਸਧਾਰਨ ਜਿਹਾ ਘਰ ਹੈ ਜਿੱਥੇ ਉਹ ਆਪ, ਉਨ੍ਹਾਂ ਦਾ ਨੂੰਹ ਪੁੱਤਰ ਅਤੇ ਪੋਤਰਾ ਸਕੂਨ ਦੀ ਜ਼ਿੰਦਗੀ ਜਿਉਂਦੇ ਹਨ, ਇਨ੍ਹਾਂ ਕੋਲ ਇੱਕ ਪੁਰਾਣੀ ਜਿਹੀ ਕਾਰ ਅਤੇ ਖੇਤੀ ਦੇ ਸੰਦ ਹਨ, ਜੋ ਇਨ੍ਹਾਂ ਨੇ ਕਿਰਤ ਕਮਾਈ ’ਚੋਂ ਲਏ ਹਨ। ਉਨ੍ਹਾਂ ਦੱਸਿਆ ਹੈ ਕਿ ਜੋ ਪਾਰਟੀ ਫੰਡ ਆਉਂਦਾ ਹੈ ਉਹ ਸਾਰਾ ਜਥੇਬੰਦੀ ’ਤੇ ਹੀ ਲਾ ਦਿੰਦੇ ਹਨ। ਉਨ੍ਹਾਂ ਵੱਲੋਂ ਜਿਸ ਵਿਅਕਤੀ ਨੂੰ ਫੰਡ ਵਰਤਣ ਦੀ ਜ਼ਿਮੇਵਾਰੀ ਦਿੱਤੀ ਜਾਂਦੀ ਹੈ, ਉਸ ਤੋਂ ਅਹੁਦੇਦਾਰਾਂ ਸਾਹਮਣੇ ਪੈਸੇ-ਪੈਸੇ ਦਾ ਹਿਸਾਬ ਲਿਆ ਜਾਂਦਾ ਹੈ।
ਉਨ੍ਹਾਂ ਫੰਡ ’ਤੇ ਕਦੇ ਟੇਕ ਨਹੀਂ ਰੱਖੀਂ, ਜਥੇਬੰਦੀ ਨੂੰ ਚਲਾਉਣ ਲਈ ਉਹ ਕਿਰਤ ਕਮਾਈ ’ਚੋਂ ਵੀ ਪੈਸਾ ਲਾ ਕੇ ਕਦੇ ਚਿਤਾਰਦੇ ਨਹੀਂ। ਪਿੰਡ ਵਾਸੀਆਂ ਨੇ ਕਿਹਾ ਕਿ ਅਜਿਹਾ ਕਿਸਾਨ ਲੀਡਰ ਸ਼ਾਇਦ ਹੀ ਕੋਈ ਹੋਵੇ, ਜੋ ਕਿਰਸਾਨੀ ਤੇ ਮਜ਼ਦੂਰੀ ਨੂੰ ਜਿੰਦਾ ਰੱਖਣ ਦੇ ਨਾਲ ਨਾਲ, ਮਾਵਾਂ ਦੇ ਪੁੱਤਰਾਂ ਤੇ ਭੈਣਾਂ ਤੇ ਭਰਾਵਾਂ ਨੂੰ ਕੁਰਬਾਨੀ ਲਈ ਝੋਕਣ ਦੀ ਥਾਂ ਆਪਾ ਕੁਰਬਾਨ ਕਰਨ ਲਈ ਮਰਨ ਵਰਤ ’ਤੇ ਬੈਠਾ ਹੈ। ਪਰਮਾਤਮਾ ਉਨ੍ਹਾਂ ਦੀ ਉਮਰ ਲੰਮੀ ਕਰੇ। ਪਿਛਲੇ ਮਹੀਨੇ ਬਾਰਡਰ ’ਤੇ ਆਇਆ ਬਚਪਨ ਦਾ ਦੋਸਤ ਸਾਬਕਾ ਫੌਜੀ ਸੁਖਦੇਵ ਸਿੰਘ ਮਿਲਕੇ ਭਾਵੁਕ ਹੋ ਗਿਆ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕਾਲਜ ਦੇ ਦਿਨਾਂ ਵਿੱਚ ਡੱਲੇਵਾਲ ਨੇ ਕਾਲਜ ਦੇ ਪਿੱਛੋਂ ਦੀ ਲੰਘਦੀ ਰੇਲ ਗੱਡੀ ਜੋ ਵਿਦਿਆਰਥੀਆਂ ਨੂੰ ਨਹੀਂ ਸੀ ਉਤਾਰਦੀ। ਵਿਦਿਆਰਥੀਆਂ ਦੀ ਸਹੁੂਲਤ ਵਾਸਤੇ ਡੱਲੇਵਾਲ ਨੇ ਰੇਲਵੇ ਟਰੈਕ ਉੱਤੇ ਧਰਨਾ ਸ਼ੁਰੂ ਕਰ ਦਿੱਤਾ। ਇਹ ਧਰਨਾ ਉਦੋਂ ਤੱਕ ਚੱਲਿਆ ਜਦੋਂ ਤੱਕ ਰੇਲਵੇ ਵਿਭਾਗ ਨੇ ਰੇਲ ਰੋਕਣ ਦੇ ਹੁਕਮ ਜਾਰੀ ਕਰਕੇ ਸਟੇਸ਼ਨ ਨਹੀਂ ਬਣਾਇਆ। ਉਨ੍ਹਾਂ ਸਪਸ਼ਟ ਕੀਤਾ ਕਿ ਹੁਣ ਉਨ੍ਹਾਂ ਨੂੰ ਆਪਣਾ ਕੋਈ ਵੀ ਨਹੀਂ ਮੋੜ ਸਕਦਾ ਤੇ ਬਸ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਮੋੜ ਸਕਦੀ ਹੈ।