ਤਿੰਨ ਗੈਂਗਸਟਰ ਅਸਲੇ ਸਣੇ ਗ੍ਰਿਫ਼ਤਾਰ
ਗੁਰਬਖਸ਼ਪੁਰੀ
ਤਰਨ ਤਾਰਨ, 4 ਨਵੰਬਰ
ਥਾਣਾ ਹਰੀਕੇ ਦੇ ਐੱਸਐੱਚਓ ਇੰਸਪੈਕਟਰ ਕਸ਼ਮੀਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਬੀਤੇ ਕੱਲ੍ਹ ਇਲਾਕੇ ਦੇ ਪਿੰਡ ਬੂਹਵੰਗਾਂ ਵਿੱਚ ਗੈਂਗਸਟਰ ਲਖਬੀਰ ਸਿੰਘ ਲੰਡਾ ਵਾਸੀ ਹਰੀਕੇ ਅਤੇ ਸਤਨਾਮ ਸਿੰਘ ਸੱਤਾ ਵਾਸੀ ਨੌਸ਼ਹਿਰਾ ਪੰਨੂੰਆਂ ਨਾਲ ਸਬੰਧਿਤ ਤਿੰਨ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਜਦੋਂਕਿ ਉਨ੍ਹਾਂ ਦੇ ਸਾਥੀ ਮੌਕੇ ਤੋਂ ਫਰਾਰ ਹੋ ਗਏ। ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗੈਂਗਸਟਰਾਂ ਦੀ ਸ਼ਨਾਖਤ ਸਿਮਰਨਜੀਤ ਸਿੰਘ ਉਰਫ ਮਿੱਠੂ ਵਾਸੀ ਟੈਕੀ ਮੁਹੱਲਾ ਹਰੀਕੇ, ਜੋਬਨਜੀਤ ਸਿੰਘ ਉਰਫ ਜੋਬਨ ਵਾਸੀ ਬੂਹ ਹਵੇਲੀਆ ਅਤੇ ਲਵਪ੍ਰੀਤ ਸਿੰਘ ਉਰਫ ਲੱਭੂ ਵਾਸੀ ਕਿੜੀਆ ਦੇ ਤੌਰ ’ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੌਕੇ ਤੋਂ ਫਰਾਰ ਹੋ ਗਏ ਗੈਂਗਸਟਰਾਂ ਵਿੱਚ ਸੁਖਵਿੰਦਰ ਸਿੰਘ ਉਰਫ ਕਾਕਾ ਸ਼ੈਲੀ ਵਾਸੀ ਮਰਾਦਪੁਰ (ਤਰਨ ਤਾਰਨ), ਗੁਰਦੇਵ ਸਿੰਘ ਉਰਫ ਜੈਸਲ ਵਾਸੀ ਚੰਬਲ, ਪਾਰਸਦੀਪ ਸਿੰਘ ਉਰਫ ਪਾਰਸ ਵਾਸੀ ਤਰਨ ਤਾਰਨ, ਸੌਰਵ ਵਾਸੀ ਮਖੂ ਅਤੇ ਰੋਬਿਨ ਵਾਸੀ ਮੁਰਾਦਪੁਰਾ ਤਰਨ ਤਾਰਨ ਦਾ ਨਾਮ ਸ਼ਾਮਲ ਹੈ|
ਅਧਿਕਾਰੀ ਨੇ ਕਿਹਾ ਕਿ ਗੈਂਗਸਟਰ ਕੋਈ ਵੱਡੀ ਵਾਰਦਾਤ ਕਰਨ ਲਈ ਇਕੱਠੇ ਹੋਏ ਸਨ ਜਿਸ ਦੀ ਪੁਲੀਸ ਨੂੰ ਜਾਣਕਾਰੀ ਮਿਲ ਗਈ ਤਾਂ ਮੌਕੇ ’ਤੇ ਛਾਪਾ ਮਾਰ ਕੇ ਤਿੰਨ ਗੈਂਗਸਟਰਾਂ ਨੂੰ ਮੈਗਜ਼ੀਨ ਸਮੇਤ ਰਿਵਾਲਵਰ ਅਤੇ ਤਿੰਨ ਰੌਂਦ ਬਰਾਮਦ ਕੀਤੇ। ਇਸ ਸਬੰਧੀ ਹਰੀਕੇ ਪੁਲੀਸ ਨੇ ਬੀਐੱਨਐੱਸ ਅਤੇ ਅਸਲਾ ਐਕਟ ਦੀਆਂ ਸੰਗੀਨ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ| ਲਖਬੀਰ ਸਿੰਘ ਲੰਡਾ ਤੇ ਸਤਨਾਮ ਸਿੰਘ ਸੱਤਾ ਨੂੰ ਵੀ ਮੁਲਜ਼ਮ ਦੇ ਤੌਰ ’ਤੇ ਨਾਮਜ਼ਦ ਕੀਤਾ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਆਮ ਲੋਕਾਂ ਨੂੰ ਜਾਨ ਤੋਂ ਮਾਰ ਦੇਣ ਧਮਕੀਆਂ ਦੇ ਕੇ ਉਨ੍ਹਾਂ ਤੋਂ ਫਿਰੌਤੀਆਂ ਦੀ ਮੰਗ ਕਰਦੇ ਹਨ|