ਅੰਬਾਲਾ ਜੀਟੀ ਰੋਡ ’ਤੇ ਹਾਦਸੇ ਵਿੱਚ ਤਿੰਨ ਦੋਸਤ ਹਲਾਕ
ਰਤਨ ਸਿੰਘ ਢਿੱਲੋਂ/ਸਰਬਜੋਤ ਸਿੰਘ ਦੁੱਗਲ
ਅੰਬਾਲਾ/ਕੁਰੂਕਸ਼ੇਤਰ, 9 ਦਸੰਬਰ
ਅੰਬਾਲਾ ਜੀਟੀ ਰੋਡ ’ਤੇ ਕਾਲੀ ਪਲਟਣ ਪੁਲ ਕੋਲ ਐਤਵਾਰ ਰਾਤ ਨੂੰ ਹਾਦਸੇ ਵਿੱਚ ਕਾਰ ਸਵਾਰ ਤਿੰਨ ਦੋਸਤਾਂ ਦੀ ਮੌਤ ਹੋ ਗਈ। ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਉਣ ਮਗਰੋਂ ਦੂਜੀ ਲੇਨ ’ਚ ਜਾ ਕੇ ਕੈਂਟਰ ਨਾਲ ਟਕਰਾਅ ਗਈ। ਸੂਚਨਾ ਮਿਲਣ ਤੋਂ ਬਾਅਦ ‘ਡਾਇਲ 112’ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਬਹੁਤ ਮੁਸ਼ਕਲ ਨਾਲ ਲਾਸ਼ਾਂ ਬਾਹਰ ਕੱਢੀਆਂ ਗਈਆਂ। ਹਾਦਸਾ ਇੰਨਾ ਭਿਆਨਕ ਸੀ ਕਿ ਵਰਨਾ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਮ੍ਰਿਤਕਾਂ ਦੀ ਪਛਾਣ ਵਰਿੰਦਰ ਕੁਮਾਰ ਉਰਫ ਜੌਨੀ (33), ਰਾਹੁਲ (32) ਵਾਸੀ ਸ਼ਾਹਬਾਦ ਅਤੇ ਅਸ਼ੋਕ ਕੁਮਾਰ ਵਾਸੀ ਕੈਥ ਮਾਜਰੀ, ਅੰਬਾਲਾ ਸ਼ਹਿਰ ਵਜੋਂ ਹੋਈ ਹੈ। ਪੁਲੀਸ ਨੇ ਅੱਜ ਅੰਬਾਲਾ ’ਚ ਤਿੰਨਾਂ ਦਾ ਪੋਸਟਮਾਰਟਮ ਕਰਵਾਇਆ ਅਤੇ ਉਸ ਤੋਂ ਬਾਅਦ ਸ਼ਾਹਬਾਦ ਵਾਸੀ ਵਰਿੰਦਰ ਕੁਮਾਰ ਅਤੇ ਰਾਹੁਲ ਦਾ ਸਸਕਾਰ ਕਰ ਦਿੱਤਾ ਗਿਆ। ਪੁਲੀਸ ਅਨੁਸਾਰ ਸ਼ਾਹਬਾਦ ਨਿਵਾਸੀ ਵਰਿੰਦਰ ਕੁਮਾਰ ਉਰਫ ਜੌਨੀ, ਅਸ਼ੋਕ ਨੂੰ ਛੱਡਣ ਲਈ ਆਪਣੀ ਕਾਰ ’ਤੇ ਅੰਬਾਲਾ ਜਾ ਰਿਹਾ ਸੀ। ਉਸ ਦਾ ਦੋਸਤ ਰਾਹੁਲ ਵੀ ਉਸ ਦੇ ਨਾਲ ਸੀ, ਜਦੋਂ ਉਹ ਅੰਬਾਲਾ ਕੈਂਟ ਦੀ ਲਾਲ ਕੁੜਤੀ ਕੋਲ ਪਹੁੰਚੇ ਤਾਂ ਅਚਾਨਕ ਕਾਰ ਸਾਹਮਣੇ ਜਾਨਵਰ ਆ ਗਿਆ। ਵਰਿੰਦਰ ਨੇ ਕਾਰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਰਫਤਾਰ ਹੋਣ ਕਾਰਨ ਕਾਰ ਡਿਵਾਈਡਰ ਨਾਲ ਟਕਰਾ ਕੇ ਦੂਜੀ ਲੇਨ ’ਚ ਜਾ ਰਹੇ ਕੈਂਟਰ ਦੇ ਥੱਲੇ ਵੜ ਗਈ। ਇਸ ਹਾਦਸੇ ਵਿਚ ਤਿੰਨਾਂ ਦੋਸਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਾਦਸੇ ਤੋਂ ਪਹਿਲਾਂ ਤਿੰਨਾਂ ਦੋਸਤਾਂ ਨੇ ਕਾਰ ਵਿਚ ਹੀ ਵੀਡੀਓ ਬਣਾਈ ਸੀ।
ਟਰਾਲੀ ਨੇ ਆਟੋ ਨੂੰ ਮਾਰੀ ਟੱਕਰ, ਮਾਂ-ਪੁੱਤਰ ਦੀ ਮੌਤ
ਕੁਰੂਕਸ਼ੇਤਰ (ਸਰਬਜੋਤ ਸਿੰਘ ਦੁੱਗਲ): ਇੱਥੇ ਅੱਜ ਦੇਰ ਸ਼ਾਮ ਸਾਹਾਬਾਦ-ਲਾਡਵਾ ਰੋਡ ’ਤੇ ਸ਼ੂਗਰ ਮਿੱਲ ਨੇੜੇ ਗੰਨੇ ਨਾਲ ਭਰੀ ਟਰਾਲੀ ਨੇ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਪਿੰਡ ਦਿਆਲ ਨਗਰ ਵਾਸੀ ਮਾਂ-ਪੁੱਤ ਦੀ ਮੌਤ ਹੋ ਗਈ, ਜਦਕਿ ਬਾਕੀ ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਲਾਸ਼ਾਂ ਨੂੰ ਸ਼ਾਹਬਾਦ ਦੇ ਸਿਵਲ ਹਸਪਤਾਲ ਪਹੁੰਚਾਇਆ। ਪਿੰਡ ਦਿਆਲ ਨਗਰ ਦੀ ਰਹਿਣ ਵਾਲੀ ਕਿਰਨ ਦੇਵੀ (42) ਆਪਣੇ ਪੁੱਤਰ ਅੰਕਿਤ ਕੁਮਾਰ (19) ਨਾਲ ਰਿਸ਼ਤੇਦਾਰਾਂ ਨੂੰ ਮਿਲਣ ਆਪਣੇ ਜੱਦੀ ਪਿੰਡ ਯਾਰੀ ਗਈ ਹੋਈ ਸੀ। ਉਹ ਆਟੋ ਵਿੱਚ ਹੋਰ ਸਵਾਰੀਆਂ ਸਣੇ ਪਿੰਡ ਦਿਆਲ ਨਗਰ ਵਾਪਸ ਆ ਰਹੀ ਸੀ ਕਿ ਗੰਨੇ ਨਾਲ ਭਰੀ ਟਰਾਲੀ ਨੇ ਆਟੋ ਨੂੰ ਟੱਕਰ ਮਾਰ ਦਿੱਤੀ। ਟੱਕਰ ਮਗਰੋਂ ਆਟੋ ਪਲਟ ਗਿਆ ਅਤੇ ਗੰਨੇ ਨਾਲ ਭਰੀ ਟਰਾਲੀ ਕਿਰਨ ਦੇਵੀ ਅਤੇ ਅੰਕਿਤ ਕੁਮਾਰ ਦੇ ਉਪਰ ਜਾ ਡਿੱਗੀ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਨ੍ਹਾਂ ਦੋਵਾਂ ਤੋਂ ਇਲਾਵਾ ਆਟੋ ਵਿੱਚ ਚਾਰ ਹੋਰ ਸਵਾਰੀਆਂ ਸਨ, ਜਿਨ੍ਹਾਂ ਵਿੱਚੋਂ ਨੌਜਵਾਨ ਗੰਭੀਰ ਜ਼ਖ਼ਮੀ ਹੈ। ਆਟੋ ਵਿੱਚ ਸਵਾਰ ਹੋਰ 3 ਯਾਤਰੀ ਸੁਰੱਖਿਅਤ ਹਨ। ਕਿਰਨ ਦੇਵੀ ਦੇ ਪਤੀ ਜਸਬੀਰ ਉਰਫ਼ ਕਾਲਾ ਨੇ ਦੱਸਿਆ ਕਿ ਉਹ ਪਿੰਡ ਦਿਆਲ ਨਗਰ ਵਿੱਚ ਪਿਛਲੇ 10 ਸਾਲਾਂ ਤੋਂ ਮਜ਼ਦੂਰ ਵਜੋਂ ਕੰਮ ਕਰ ਰਿਹਾ ਹੈ। ਉਹ ਆਪਣੀ ਪਤਨੀ ਕਿਰਨ ਦੇਵੀ, ਪੁੱਤਰ ਅੰਕਿਤ ਕੁਮਾਰ, ਧੀਆਂ ਨੇਹਾ ਅਤੇ ਤਨੂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਅੱਜ ਉਸ ਦੀ ਪਤਨੀ ਅਤੇ ਪੁੱਤਰ ਪਿੰਡ ਯਾਰੀ ਵਿੱਚ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ, ਜਿੱਥੋਂ ਵਾਪਸ ਆਉਂਦੇ ਸਮੇਂ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਥਾਣਾ ਇੰਚਾਰਜ ਸਤੀਸ਼ ਕੁਮਾਰ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਕੁਰੂਕਸ਼ੇਤਰ ਭੇਜ ਦਿੱਤਾ ਜਾਵੇਗਾ। ਪੁਲੀਸ ਨੇ ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।