ਸੜਕ ਹਾਦਸੇ ਦੌਰਾਨ ਤਿੰਨ ਦੋਸਤਾਂ ਦੀ ਮੌਤ, ਪਰਿਵਾਰਕ ਮੈਂਬਰਾਂ ਵੱਲੋਂ ਕਤਲ ਦਾ ਦੋਸ਼
ਸਤਪਾਲ ਰਾਮਗੜ੍ਹੀਆ
ਪਿਹੋਵਾ, 14 ਨਵੰਬਰ
ਇੱਥੇ ਗੂਹਲਾ ਚੀਕਾ ਰੋਡ ’ਤੇ ਪਿੰਡ ਕਰਾਹ ਸਾਹਿਬ ਨੇੜੇ ਬੀਤੀ ਰਾਤ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿਹੋਵਾ ਦੇ 21 ਸਾਲਾ ਕਾਕੂ, ਨਰਵਾਨਾ ਦੇ ਗੌਰਵ ਅਤੇ ਨਰਵਾਣਾ ਦੇ ਰਾਕੇਸ਼ ਧਰੌਦੀ ਵਜੋਂ ਹੋਈ ਹੈ। ਤਿੰਨੋਂ ਦੋਸਤ ਸਨ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਮੁਤਾਬਿਕ ਗੌਰਵ ਤੇ ਰਾਕੇਸ਼ ਪਾਉਂਟਾ ਸਾਹਿਬ ਦੀ ਫੈਕਟਰੀ ਵਿੱਚ ਕੰਮ ਕਰਦੇ ਸਨ। ਉਨ੍ਹਾਂ ਨੂੰ ਕੱਲ੍ਹ ਤਨਖਾਹ ਮਿਲੀ ਸੀ। ਇਸ ਮਗਰੋਂ ਉਹ ਉੱਥੋਂ ਘਰ ਲਈ ਰਵਾਨਾ ਹੋ ਗਏ ਪਰ ਰਸਤੇ ਵਿੱਚ, ਉਹ ਆਪਣੇ ਦੋਸਤ ਕਾਕੂ ਕੋਲ ਪਿਹੋਵਾ ਰੁਕ ਗਏ। ਮਗਰੋਂ ਪੁਲੀਸ ਨੇ ਕਾਕੂ ਦੀ ਮਾਂ ਨੂੰ ਦੱਸਿਆ ਕਿ ਤਿੰਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਕਾਕੂ ਦੇ ਵੱਡੇ ਭਰਾ ਸ਼ੰਮੀ ਅਤੇ ਉਸ ਦੀ ਮਾਂ ਦਾ ਕਹਿਣਾ ਹੈ ਕਿ ਕੱਲ੍ਹ ਉਨ੍ਹਾਂ ਦੇ ਘਰ ਨੇੜੇ ਪਾਰਕ ਵਿੱਚ ਨੌਜਵਾਨਾਂ ਦੇ ਦੋ ਗੁੱਟਾਂ ਵਿੱਚ ਲੜਾਈ ਹੋ ਗਈ ਸੀ। ਇਸ ਦੌਰਾਨ ਕਾਕੂ ਨੇ ਇਕ ਨੌਜਵਾਨ ਨੂੰ ਛੁਡਵਾਇਆ, ਮਗਰੋਂ ਸਾਰੇ ਉੱਥੋਂ ਚਲੇ ਗਏ। ਦੋਵੇਂ ਧਿਰਾਂ ਦੇ ਮੈਂਬਰ ਫਿਰ ਆ ਕੇ ਲੜਨ ਲੱਗ ਪਏ। ਦੇਰ ਸ਼ਾਮ ਕਾਕੂ ਨੇ ਘਰ ਦੇ ਉਪਰਲੇ ਕਮਰੇ ਦੀ ਚਾਬੀ ਵੀ ਮੰਗੀ ਸੀ ਤਾਂ ਜੋ ਉਸ ਦੇ ਦੋਸਤ ਗੌਰਵ ਅਤੇ ਰਾਕੇਸ਼ ਰਹਿ ਸਕਣ। ਪਰਿਵਾਰਕ ਮੈਂਬਰਾਂ ਦੇ ਇਨਕਾਰ ਕਰਨ ਮਗਰੋਂ ਉਹ ਉੱਥੋਂ ਮੋਟਰਸਾਈਕਲ ’ਤੇ ਚਲੇ ਗਏ। ਮ੍ਰਿਤਕ ਕਾਕੂ ਦੀ ਚਾਚੀ ਦਾ ਦੋਸ਼ ਹੈ ਕਿ ਲੜਾਈ ਮਗਰੋਂ ਕਾਕੂ ਨੇ ਉਸ ਨੂੰ ਦੱਸਿਆ ਸੀ ਕਿ ਸ਼ੋਰਾਗੀਰ ਖੇਤਰ ਦਾ ਇਕ ਵਿਅਕਤੀ ਅਤੇ ਇਕ ਔਰਤ ਉਸ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਹਨ, ਪਰ ਉਸ ਨੇ ਧਿਆਨ ਨਹੀਂ ਦਿੱਤਾ।