ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਕੇਰੀਆਂ ਨੇੜਲੇ ਪਿੰਡਾਂ ’ਚ ਤਿੰਨ-ਤਿੰਨ ਫੁੱਟ ਪਾਣੀ

08:03 AM Aug 17, 2023 IST
featuredImage featuredImage
ਮੁਕੇਰੀਆਂ ਖੇਤਰ ਵਿੱਚ ਪਾਣੀ ਦੀ ਮਾਰ ਹੇਠ ਆਇਆ ਇੱਕ ਮਕਾਨ। -ਫੋਟੋ: ਮਲਕੀਅਤ ਸਿੰਘ

ਜਗਜੀਤ ਸਿੰਘ
ਮੁਕੇਰੀਆਂ, 16 ਅਗਸਤ
ਲੋਕਾਂ ਨੂੰ ਪੌਂਗ ਡੈਮ ਤੋਂ ਪਾਣੀ ਛੱਡਣ ਦੀ ਅਗਾਉਂ ਸੂਚਨਾ ਨਾ ਮਿਲਣ ਅਤੇ ਪ੍ਰਸ਼ਾਸਨਿਕ ਅਵੇਸਲੇਪਨ ਕਾਰਨ ਬਿਆਸ ਦਰਿਆ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਹਾਲਾਤ ਭਿਆਨਕ ਬਣੇ ਹੋਏ ਹਨ। ਮੁਕੇਰੀਆਂ ਦੇ ਕਰੀਬ 10 ਪਿੰਡਾਂ ਦੇ ਆਸ-ਪਾਸ ਤਿੰਨ-ਚਾਰ ਫੁੱਟ ਪਾਣੀ ਘੁੰਮ ਰਿਹਾ ਹੈ ਅਤੇ ਪ੍ਰਭਾਵਿਤ ਪਿੰਡਾਂ ਦਾ ਸੰਪਰਕ ਇਲਾਕੇ ਨਾਲੋਂ ਟੁੱਟ ਗਿਆ ਹੈ। ਮਹਿਤਾਬਪੁਰ, ਮਿਆਣੀ ਮਲਾਹ, ਚੱਕ ਭਾਈਆਂ ਆਦਿ ਪਿੰਡਾਂ ਦੇ ਲੋਕ ਘਰ ਛੱਡਣ ਲਈ ਤਿਆਰ ਨਹੀਂ ਹਨ। ਬਿਆਸ ਦਰਿਆ ਉੱਤੇ ਨੌਸ਼ਹਿਰਾ ਪੱਤਣ ਕੋਲ ਗੁਰਦਾਸਪੁਰ ਵਾਲੇ ਪਾਸੇ ਧੁੱਸੀ ਬੰਨ੍ਹ ਵਿੱਚ ਬੀਤੀ ਰਾਤ ਪਿੰਡ ਜਗਤਪੁਰ ਕੋਲ ਕਰੀਬ 50 ਫੁੱਟ ਪਾੜ ਪੈ ਗਿਆ ਸੀ, ਜਿਸ ਨੂੰ ਨਾ ਰੋਕੇ ਜਾਣ ਕਾਰਨ ਇਹ ਵਧਦਾ ਜਾ ਰਿਹਾ ਹੈ। ਇਸੇ ਧੁੱਸੀ ਬੰਨ੍ਹ ’ਤੇ ਪਿੰਡ ਭੈਣੀ ਪਸਵਾਲ ਕੋਲ ਪਏ ਪਾੜ ਨੂੰ ਕਿਸਾਨਾਂ ਨੇ ਭਾਰੀ ਜੱਦੋਜਹਿਦ ਨਾਲ ਪੂਰ ਲਿਆ ਹੈ। ਧੁੱਸੀ ਬੰਨ੍ਹ ਨਾਲ ਲੱਗਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਜਗਤਪੁਰ, ਟਾਂਡਾ, ਦਾਊਵਾਲ, ਭੈਣੀ ਪਸਵਾਲ, ਪੁਰਾਣਾ ਸ਼ਾਲਾ, ਗੁੱਨੋਪੁਰ, ਰੰਧਾਵਾ ਕਲੋਨੀ ਸਮੇਤ ਲਗਪਗ ਦੋ ਦਰਜਨ ਪਿੰਡਾਂ ਵਿੱਚ ਪਾਣੀ ਭਰਿਆ ਹੋਇਆ ਹੈ। ਇਹਤਿਆਤ ਵਜੋਂ ਪ੍ਰਸ਼ਾਸਨ ਨੇ ਇਸ ਮਾਰਗ ’ਤੇ ਸੜਕੀ ਆਵਾਜਾਈ ਬੰਦ ਕਰ ਦਿੱਤੀ ਹੈ।
ਬੀਤੇ ਦਿਨ 14 ਅਗਸਤ ਸ਼ਾਮ ਤੱਕ ਪਾਣੀ ਬਿਆਸ ਦਰਿਆ ਨੇੜਲੇ ਪਿੰਡਾਂ ਬੇਲਾ ਸਰਿਆਣਾ, ਸੱਥਵਾਂ, ਰਿਆਲੀ, ਮੋਤਲਾ, ਹਲੇੜ ਜਨਾਰਧਨ, ਸਨਿਆਲ, ਸਿੰਬਲੀ, ਮਹਿਤਾਬਪੁਰ, ਚੱਕ ਭਾਈਆਂ, ਨੁਸ਼ਿਹਰਾ ਪੱਤਣ, ਧਨੋਆ, ਚੱਕ ਮੀਰਪੁਰ ਸਮੇਤ ਕਰੀਬ ਦੋ ਦਰਜਨ ਪਿੰਡਾਂ ’ਚ ਪਾਣੀ ਆ ਗਿਆ ਸੀ, ਜਿਸ ਦੀ ਪ੍ਰਸ਼ਾਸਨਿਕ ਪੱਧਰ ’ਤੇ ਕੋਈ ਅਗਾਊਂ ਸੂਚਨਾ ਲੋਕਾਂ ਨੂੰ ਨਹੀਂ ਮਿਲੀ ਸੀ। ਲੋਕ ਉਸ ਸਮੇਂ ਤੋਂ ਹੀ ਆਪਣੇ ਪੱਧਰ ’ਤੇ ਪ੍ਰਬੰਧ ਕਰ ਰਹੇ ਸਨ। ਬਾਬਾ ਦੀਪ ਸਿੰਘ ਸੇਵਾ ਦਲ ਦੀ ਟੀਮ ਨੇ ਆਪਣੀਆਂ ਚਾਰ ਕਿਸ਼ਤੀਆਂ ਬਚਾਅ ਕਾਰਜਾਂ ਵਿੱਚ ਲਗਾਈਆਂ ਹੋਈਆਂ ਹਨ। ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਡੀਸੀ ਕੋਮਲ ਮਿੱਤਲ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ।

Advertisement

ਦਸੂਹਾ ਦੇ ਡੇਢ ਦਰਜਨ ਪਿੰਡਾਂ ਵਿੱਚ ਭਰਿਆ ਪਾਣੀ

ਦਸੂਹਾ (ਪੱਤਰ ਪ੍ਰੇਰਕ): ਪੌਂਗ ਡੈਮ ਤਲਵਾੜਾ ਤੋਂ ਪਾਣੀ ਛੱਡੇ ਜਾਣ ਕਾਰਨ ਦਸੂਹਾ ਦੇ ਮੰਡ ਇਲਾਕੇ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਮੰਡ ਖੇਤਰ ਨਾਲ ਲੱਗਦੇ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਏਨਾ ਵਧ ਚੁੱਕਿਆ ਹੈ ਕਿ ਕਰੀਬ ਡੇਢ ਦਰਜਨ ਪਿੰਡ ਪਾਣੀ ਦੀ ਮਾਰ ਹੇਠ ਆ ਚੁੱਕੇ ਹਨ, ਜਦਕਿ ਕਈ ਥਾਵਾਂ ਤੋਂ ਪੱਸੀ ਬੇਟ ਵਾਲੇ ਧੁੱਸੀ ਬੰਨ੍ਹ ਦੇ ਟੁੱਟਣ ਦਾ ਖ਼ਦਸ਼ਾ ਵਧ ਗਿਆ ਹੈ। ਜੇਕਰ ਪ੍ਰਸ਼ਾਸ਼ਨ ਵੱਲੋਂ ਸਮਾਂ ਰਹਿੰਦਿਆਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਾ ਕੀਤੇ ਤਾਂ ਬੇਟ ਇਲਾਕੇ ਵਿੱਚ ਵੱਡਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਪਿੰਡ ਮੰਡ, ਬਰਾਰੋਵਾਲ, ਖੇਪਰਾ, ਬੇਗਪੁਰ, ਭੀਖੋਵਾਲ, ਘਈਆ, ਸੈਦੋਵਾਲ, ਗਾਲੋਵਾਲ, ਰਾਜਪੁਰ, ਕਾਵਾਂਵਾਲੀ, ਮਹੇਸਰਾ, ਮਨਿਆਦੀਆ, ਨਰਾਇਣਗੜ੍ਹ, ਗੰਗਾਚੱਕ, ਟੇਰਕਿਆਣਾ ਸਮੇਤ ਦਰਿਆ ਨਾਲ ਲੱਗਦੇ ਹੋਰ ਪਿੰਡ ਪੂਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਹਨ। ਇਨ੍ਹਾਂ ਪਿੰਡਾਂ ਵਿੱਚ ਫ਼ਸਲਾਂ ਤੇ ਹਰਾ-ਚਾਰਾ ਨੁਕਸਾਨੇ ਗਏ ਹਨ। ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ।

Advertisement
Advertisement