ਪਰਾਲੀ ਸਾੜਨ ਵਾਲੇ ਤਿੰਨ ਕਿਸਾਨਾਂ ਨੂੰ ਜੁਰਮਾਨਾ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਸਤੰਬਰ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 15 ਥਾਵਾਂ ’ਤੇ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ ਅਤੇ ਸਬੰਧਤ ਐੱਸਡੀਐੱਮਜ਼ ਵੱਲੋਂ ਇਨ੍ਹਾਂ ਦਾ ਨਿਰੀਖਣ ਕੀਤਾ ਗਿਆ ਜਿਸ ਵਿੱਚੋਂ ਤਿੰਨ ਥਾਵਾਂ ’ਤੇ ਅੱਗ ਲੱਗੀ ਪਾਈ ਗਈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਕਿਸਾਨਾਂ ਨੂੰ 7500 ਰੁਪਏ ਜੁਰਮਾਨਾ ਲਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ -2 ਵਿੱਚ ਇਕ ਕਿਸਾਨ ਨੂੰ 2500 ਰੁਪਏ ਅਤੇ ਸਬ ਡਿਵੀਜ਼ਨ ਮਜੀਠਾ ਵਿੱਚ ਦੋ ਕਿਸਾਨਾਂ ਨੂੰ 5000 ਰੁਪਏ ਜੁਰਮਾਨੇ ਵਜੋਂ ਲਾਏ ਗਏ ਹਨ। ਪ੍ਰਦੂਸ਼ਨ ਕੰਟਰੋਲ ਬੋਰਡ ਦੇ ਐਕਸੀਅਨ ਸੁਖਦੇਵ ਸਿੰਘ ਨੇ ਦੱਸਿਆ ਕਿ ਸਬ ਡਿਵੀਜ਼ਨ ਅੰਮ੍ਰਿਤਸਰ -1, ਲੋਪੋਕੇ, ਅਜਨਾਲਾ ਵਿੱਚ 1-1 ਥਾਂ ਤੇ, ਸਬ ਡਿਵੀਜ਼ਨ ਅੰਮ੍ਰਿਤਸਰ -2 ਵਿੱਚ 8 ਥਾਵਾਂ ਅਤੇ ਮਜੀਠਾ ਵਿੱਚ 4 ਥਾਵਾਂ ’ਤੇ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ, ਜਿਸ ’ਤੇ ਤੁਰੰਤ ਟੀਮਾਂ ਵੱਲੋਂ ਜਾ ਕੇ ਚੈਕਿੰਗ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਰਾਲੀ ਦੇ ਪ੍ਰਬੰਧਨ ਦੇ ਮੱਦੇਨਜ਼ਰ ਐੱਸਡੀਐੱਮ ਤੋਂ ਲੈ ਕੇ ਕਲੱਸਟਰ ਪੱਧਰ ਦੇ ਅਫ਼ਸਰਾਂ ਨੂੰ ਕਿਹਾ ਕਿ ਸਾਰੇ ਅਧਿਕਾਰੀ ਛੁੱਟੀ ਹੋਣ ਦੇ ਬਾਵਜੂਦ ਇਸ ਕਾਰਜ ਵਾਸਤੇ ਸਰਗਰਮ ਰਹਿਣ ਅਤੇ ਇਸ ਮੌਕੇ ਅੱਗ ਬੁਝਾਊ ਗੱਡੀਆਂ ਸਮੇਤ ਸਾਰਾ ਅਮਲਾ ਨਾਲ ਹੋਵੇ। ਇਸ ਤੋਂ ਇਲਾਵਾ ਹਰੇਕ ਟੀਮ ਨਾਲ ਪੁਲੀਸ ਦੇ ਮੈਂਬਰ ਵੀ ਹੋਣ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਨੂੰ ਸਾੜਣ ਕਾਰਨ ਜੈਵਿਕ ਖਾਦ ਸੜ ਕੇ ਖਤਮ ਹੋ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਧਰਤੀ ਵਿਚਲੇ ਸੂਖਮ ਜੀਵ ਵੀ ਮਰ ਜਾਂਦੇ ਹਨ, ਜਿਸ ਨਾਲ ਫਸਲਾਂ ਦਾ ਝਾੜ ਘਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੇ ਸਾੜਣ ਕਰਕੇ ਪੈਦਾ ਹੋਏ ਧੂੰਏਂ ਕਾਰਨ ਸੜਕਾਂ ’ਤੇ ਦੁਰਘਟਨਾਵਾਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।