ਵਿਧਵਾ ਦੇ ਘਰ ਛਾਪਾ ਮਾਰਨ ਵਾਲੇ ਥਾਣਾ ਮੁਖੀ ਸਣੇ ਤਿੰਨ ਮੁਲਾਜ਼ਮ ਲਾਈਨ ਹਾਜ਼ਰ
ਸ਼ਗਨ ਕਟਾਰੀਆ
ਜੈਤੋ, 8 ਜੂਨ
ਥਾਣਾ ਜੈਤੋ ਦੇ ਐੱਸਐੱਚਓ ਗੁਰਮਿਹਰ ਸਿੰਘ ਅਤੇ ਉਨ੍ਹਾਂ ਦੇ ਦੋ ਸੁਰੱਖਿਆ ਕਰਮੀਆਂ ਨੂੰ ਅਧਿਕਾਰੀਆਂ ਵੱਲੋਂ ਕਥਿਤ ਅੱਜ ਲਾਈਨ ਹਾਜ਼ਰ ਕੀਤੇ ਜਾਣ ਪਿੱਛੋਂ ਪਿਛਲੇ ਗਿਆਰਾਂ ਦਿਨਾਂ ਤੋਂ ਇਥੇ ਥਾਣੇ ਦੇ ਗੇਟ ’ਤੇ ਮੋਰਚਾ ਲਾਈ ਬੈਠੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਆਪਣਾ ਸੰਘਰਸ਼ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ।
ਦੱਸ ਦੇਈਏ ਕਿ ਜਥੇਬੰਦੀ ਦੇ ਆਗੂ ਦੋਸ਼ ਲਾਉਂਦੇ ਆ ਰਹੇ ਸਨ ਕਿ ਬੀਤੀ 24 ਮਈ ਦੀ ਰਾਤ ਨੂੰ ਪਿੰਡ ਦਲ ਸਿੰਘ ਵਾਲਾ ’ਚ ਇੱਕ ਵਿਧਵਾ ਔਰਤ ਦੇ ਘਰ ਪੁਲੀਸ ਵੱਲੋਂ ਛਾਪੇਮਾਰੀ ਕੀਤੀ ਗਈ। ਦੋਸ਼ ’ਚ ਸੀ ਕਿ ਐਸਐਚਓ ਜੈਤੋ ਦੀ ਅਗਵਾਈ ਵਾਲੀ ਪੁਲੀਸ ਟੀਮ ਘਰ ਦੀ ਕੰਧ ਟੱਪ ਕੇ ਦਾਖ਼ਲ ਹੋਈ ਅਤੇ ਅੰਦਰਲੇ ਗੇਟ ਦੀ ਭੰਨਤੋੜ ਕੀਤੀ।
ਕਿਸਾਨਾਂ ਨੇ ਆਖਿਆ ਕਿ ਘਰ ਵਿਚ ਔਰਤਾਂ ਇਕੱਲੀਆਂ ਸਨ ਪਰ ਪੁਲੀਸ ਟੀਮ ’ਚ ਕਿਸੇ ਮਹਿਲਾ ਕਰਮਚਾਰੀ ਦੀ ਸ਼ਮੂਲੀਅਤ ਨਹੀਂ ਸੀ। ਕਿਸਾਨ ਮੰਗ ਕਰ ਰਹੇ ਸਨ ਕਿ ਛਾਪਾ ਮਾਰਨ ਵਾਲੀ ਟੀਮ ’ਚ ਸ਼ਾਮਿਲ ਪੁਲੀਸ ਅਧਿਕਾਰੀ ਅਤੇ ਉਸ ਦੇ ਅੰਗ ਰੱਖਿਅਕਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇ। ਕਿਸਾਨ ਆਗੂਆਂ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕਰ ਰਹੇ ਜ਼ਿਲ੍ਹੇ ਦੇ ਪੁਲੀਸ ਅਧਿਕਾਰੀ ਵੱਲੋਂ ਐਸਐਚਓ ਸਮੇਤ ਗੰਨਮੈਨਾਂ ਦੀ ਪੁਲੀਸ ਲਾਈਨ ’ਚ ਹਾਜ਼ਰੀ ਅਤੇ ਮਾਮਲੇ ਨਾਲ ਜੁੜੇ ਹੋਰ ਅਧਿਕਾਰੀਆਂ ਵੱਲੋਂ ਕਥਿਤ ਗ਼ਲਤੀ ਦਾ ਅਹਿਸਾਸ ਕਰਨ ਅਤੇ ਪੀੜਤ ਵਿਧਵਾ ਤੋਂ ਮੁਆਫ਼ੀ ਮੰਗੇ ਜਾਣ ਦਾ ਵਾਅਦਾ ਕੀਤੇ ਜਾਣ ਮਗਰੋਂ ਮੋਰਚੇ ਦੀ ਸਮਾਪਤੀ ਕਰਕੇ ਸ਼ਹਿਰ ਅੰਦਰ ਜੇਤੂ ਮਾਰਚ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਨੰਗਲ, ਜ਼ਿਲ੍ਹਾ ਜਨਰਲ ਸਕੱਤਰ ਨੱਥਾ ਸਿੰਘ ਰੋੜੀਕਪੂਰਾ, ਜ਼ਿਲ੍ਹਾ ਵਿੱਤ ਸਕੱਤਰ ਤਾਰਾ ਸਿੰਘ ਰੋੜੀਕਪੂਰਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਜਿਉਣਵਾਲਾ, ਜ਼ਿਲ੍ਹਾ ਆਗੂ ਜਸਪ੍ਰੀਤ ਜੈਤੋ, ਹਰਪ੍ਰੀਤ ਦਲ ਸਿੰਘ ਵਾਲਾ, ਮਲਕੀਤ ਸਿੰਘ ਚਮੇਲੀ, ਮੋਹਨ ਸਿੰਘ ਵਾੜਾ ਭਾਈਕਾ, ਜਗਜੀਤ ਸਿੰਘ ਜੈਤੋ, ਸ਼ਿੰਦਾ ਸਿੰਘ ਦਲ ਸਿੰਘ ਵਾਲਾ, ਚਰਨਜੀਤ ਸਿੰਘ, ਜੱਸੀ ਕੋਟਕਪੂਰਾ, ਮਨਜੀਤ ਕੌਰ ਵਾੜਾ ਭਾਈਕਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਗੁਰਪਾਲ ਨੰਗਲ ਤੇ ਕਰਮਜੀਤ ਸੇਵੇਵਾਲਾ ਸਮੇਤ ਵੱਡੀ ਗਿਣਤੀ ’ਚ ਮਰਦ ਔਰਤਾਂ ਸ਼ਾਮਲ ਸਨ।
ਟਿਊਬਵੈੱਲ ਕੁਨੈਕਸ਼ਨਾਂ ਸਬੰਧੀ ਕਿਸਾਨਾਂ ਦਾ ਧਰਨਾ ਜਾਰੀ
ਕਾਲਾਂਵਾਲੀ (ਪੱਤਰ ਪ੍ਰੇਰਕ): ਟਿਊਬਵੈੱਲ ਕੁਨੈਕਸ਼ਨਾਂ ਨੂੰ ਲੈ ਕੇ ਬਿਜਲੀ ਘਰ ਦਾ ਮੁੱਖ ਗੇਟ ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਬੀਤੇ ਕੱਲ੍ਹ ਨਿਗਮ ਦੇ ਐਸਡੀਓ ਰਵੀ ਕੁਮਾਰ ਨੇ ਹੜਤਾਲ ’ਤੇ ਬੈਠੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸਾਨ ਆਪਣੀ ਮੰਗ ’ਤੇ ਅੜੇ ਰਹੇ ਕਿ ਜਦੋਂ ਤੱਕ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨਾਂ ਦੀਆਂ ਕੇਬਲਾਂ ਨਹੀਂ ਦਿੱਤੀਆਂ ਜਾਂਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ। ਕਿਸਾਨ ਆਗੂ ਗੁਰਦਾਸ ਸਿੰਘ ਲੱਕੜਵਾਲੀ ਨੇ ਦੱਸਿਆ ਕਿ ਐਲਟੀ ਕੁਨੈਕਸ਼ਨ ਲਈ ਸਿਰਫ਼ ਬਿਜਲੀ ਦੇ ਖੰਭੇ ਦਿੱਤੇ ਗਏ ਹਨ ਜਾਂ ਟਰਾਂਸਫਾਰਮਰ ਲਾਏ ਗਏ ਹਨ ਪਰ ਅਜੇ ਤੱਕ ਖੰਭੇ ’ਤੇ ਬਿਜਲੀ ਦੀ ਕੇਬਲ ਨਹੀਂ ਵਿਛਾਈ ਗਈ ਜਿਸ ਕਾਰਨ ਬਿਜਲੀ ਸਪਲਾਈ ਸ਼ੁਰੂ ਨਹੀਂ ਹੋਈ। ਟਿਊਬਵੈੱਲ ਕੁਨੈਕਸ਼ਨ ਚਾਲੂ ਨਾ ਹੋਣ ਕਾਰਨ ਝੋਨੇ ਦੀ ਬਿਜਾਈ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਨੇ 27 ਮਈ ਨੂੰ ਪ੍ਰਦਰਸ਼ਨ ਕੀਤਾ ਸੀ, ਜਿਸ ਦੌਰਾਨ ਐਸਡੀਓ ਨੇ 5 ਜੂਨ ਨੂੰ ਉਨ੍ਹਾਂ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਸੀ। ਜਿਸ ਕਾਰਨ ਜਦੋਂ ਕਿਸਾਨ 6 ਜੂਨ ਨੂੰ ਬਿਜਲੀਘਰ ਪੁੱਜੇ ਤਾਂ ਕੋਈ ਵੀ ਅਧਿਕਾਰੀ ਹਾਜ਼ਰ ਨਹੀਂ ਸੀ, ਜਿਸ ਕਾਰਨ ਕਿਸਾਨਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪਿਆ।