ਡੰਗੌਲੀ ਦੀਆਂ ਤਿੰਨ ਸਕੀਆਂ ਭੈਣਾਂ ਨੂੰ ਮਿਲੀ ਸਰਕਾਰੀ ਨੌਕਰੀ
ਜਗਮੋਹਨ ਸਿੰਘ
ਘਨੌਲੀ, 16 ਮਾਰਚ
ਸ਼ਿਵਾਲਿਕ ਪਰਬਤ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸੇ ਘਨੌਲੀ ਨੇੜਲੇ ਪੱਛੜੇ ਪਿੰਡ ਡੰਗੌਲੀ ਦੇ ਇੱਕ ਪਰਿਵਾਰ ਦੀਆਂ ਚਾਰ ਸਕੀਆਂ ਭੈਣਾਂ ’ਚੋਂ ਤਿੰਨ ਭੈਣਾਂ ਆਪਣੀ ਪੜ੍ਹਾਈ ਅਤੇ ਮਿਹਨਤ ਦੇ ਬਲਬੂਤੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਿੱਚ ਸਫਲ ਹੋਈਆਂ ਹਨ। ਜਾਣਕਾਰੀ ਅਨੁਸਾਰ ਪਿੰਡ ਡੰਗੌਲੀ ਦੀ ਸਾਬਕਾ ਸਰਪੰਚ ਸੁਰਿੰਦਰ ਕੌਰ ਅਤੇ ਸਾਬਕਾ ਸਰਪੰਚ ਸਵਰਨ ਸਿੰਘ ਦੀਆਂ ਚਾਰ ਧੀਆਂ ਹਨ ਅਤੇ ਉਨ੍ਹਾਂ ਵੱਲੋਂ ਆਪਣੀ ਚਾਰੇ ਧੀਆਂ ਨੂੰ ਉੱਚ ਦਰਜੇ ਦੀ ਸਿੱਖਿਆ ਦਿਵਾਉਣ ਤੋਂ ਇਲਾਵਾ ਸਟੈਨੋਗਰਾਫੀ ਦੇ ਕੋਰਸ ਵੀ ਕਰਵਾਏ ਗਏ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਇੱਕ ਲੜਕੀ ਨੂੰ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਸਕੱਤਰੇਤ ਵਿੱਚ ਨੌਕਰੀ ਮਿਲ ਚੁੱਕੀ ਹੈ। ਦੂਜੀਆਂ ਦੋ ਲੜਕੀਆਂ ਨੂੰ ਨਗਰ ਅਤੇ ਯੋਜਨਾਬੰਦੀ ਵਿਭਾਗ ਪੰਜਾਬ ਵਿੱਚ ਕਲੈਰੀਕਲ ਨੌਕਰੀ ਮਿਲ ਗਈ ਹੈ, ਜਦੋਂਕਿ ਇੱਕ ਲੜਕੀ ਦਾ ਨਾਮ ਉਡੀਕ ਸੂਚੀ ਵਿੱਚ ਚੌਥੇ ਨੰਬਰ ’ਤੇ ਹੈ। ਇਨ੍ਹਾਂ ਲੜਕੀਆਂ ਦਾ ਪਿੰਡ ਵਾਸੀਆਂ ਵੱਲੋਂ ਢੋਲ ਵਜਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਨੌਕਰੀ ਮਿਲਣ ਤੋਂ ਖੁਸ਼ ਕਿਰਨਦੀਪ ਕੌਰ ਤੇ ਬਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਲਈ ਬੱਸ ਸੇਵਾ ਜਾਂ ਟੈਂਪੂ ਵਗੈਰਾ ਦਾ ਵੀ ਪ੍ਰਬੰਧ ਨਾ ਹੋਣ ਕਾਰਨ ਬੱਚਿਆਂ ਨੂੰ ਪੜ੍ਹਾਈ ਲਈ ਪੈਦਲ ਤੁਰ ਕੇ ਜਾਣਾ ਪੈਂਦਾ ਹੈ ਪਰ ਉਨ੍ਹਾਂ ਦੇ ਮਾਤਾ ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਪੜ੍ਹਾਈ ਲਈ ਉਨ੍ਹਾਂ ਦਾ ਪੂਰਾ ਸਾਥ ਦਿੱਤਾ, ਜਿਸ ਕਰਕੇ ਉਹ ਅੱਜ ਨੌਕਰੀ ਪ੍ਰਾਪਤ ਕਰਨ ਵਿੱਚ ਸਫਲ ਹੋਈਆਂ ਹਨ।