ਪਿੰਡ ਰਾਣਾ ਨੇੜਿਓਂ ਤਿੰਨ ਨਸ਼ਾ ਤਸਕਰ ਹੈਰੋਇਨ ਸਮੇਤ ਕਾਬੂ
ਪਰਮਜੀਤ ਸਿੰਘ
ਫਾਜ਼ਿਲਕਾ, 26 ਅਕਤੂਬਰ
ਸੀਨੀਅਰ ਕਪਤਾਨ ਪੁਲੀਸ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਫਾਜ਼ਿਲਕਾ ਪੁਲੀਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਇੰਸਪੈਕਟਰ ਰੁਪਿੰਦਰਪਾਲ ਸਿੰਘ ਇੰਚਾਰਜ ਸੀਆਈਏ-2 ਫਾਜ਼ਿਲਕਾ ਕੈਂਪ ਅਬੋਹਰ ਦੀ ਟੀਮ ਵੱਲੋਂ ਪਿੰਡ ਰਾਣਾ ਨੇੜੇ ਗਸ਼ਤ ਦੌਰਾਨ ਇੱਕ ਮੋਟਰਸਾਈਕਲ ਨੂੰ ਸ਼ੱਕ ਦੇ ਆਧਾਰ ’ਤੇ ਚੈੱਕ ਕੀਤਾ ਤੇ ਇਸ ’ਤੇ ਸਵਾਰ ਤਿੰਨ ਵਿਅਕਤੀਆਂ ਪਾਸੋਂ 531 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਪਾਰਟੀ ਵੱਲੋਂ ਨਸ਼ਾ ਤਸਕਰਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ ਹੈਰੋਇਨ ਬਰਾਮਦ ਕੀਤਾ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਹੈਰੋਇਨ ਤਸਕਰਾਂ ਦੀ ਪਛਾਣ ਬਗੀਚਾ ਸਿੰਘ, ਰਜਿੰਦਰ ਸਿੰਘ ਅਤੇ ਦਰਸ਼ਨ ਸਿੰਘ ਵਜੋਂ ਹੋਈ ਹੈ। ਕਥਿਤ ਦੋਸ਼ੀਆਂ ਖਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਦਰ ਫਾਜ਼ਿਲਕਾ ’ਚ ਦਰਜ ਕਰ ਲਿਆ ਹੈ। ਮੁੱਢਲੀ ਤਫ਼ਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕਾਬੂ ਕੀਤੇ ਗਏ ਨਸ਼ਾ ਤਸਕਰਾਂ ਦੀਆਂ ਜ਼ਮੀਨਾਂ ਪਾਕਿਸਤਾਨ ਦੇ ਬਾਰਡਰ ਨਾਲ ਲੱਗਦੀਆਂ ਹਨ, ਜੋ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਉਸਨੂੰ ਅੱਗੇ ਸਪਲਾਈ ਕਰਦੇ ਸਨ। ਕਥਿਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।