ਕਬਜ਼ਾ ਕਾਰਵਾਈ ਦਾ ਵਿਰੋਧ ਕਰਨ ਵਾਲੇ ਤਿੰਨ ਦਰਜਨ ਕਿਸਾਨ ਆਗੂ ਗ੍ਰਿਫ਼ਤਾਰ
ਜੋਗਿੰਦਰ ਸਿੰਘ ਮਾਨ/ਸੱਤ ਪ੍ਰਕਾਸ਼ ਸਿੰਗਲਾ
ਮਾਨਸਾ/ਬਰੇਟਾ, 12 ਜੂਨ
ਜ਼ਿਲ੍ਹਾ ਮਾਨਸਾ ਦੇ ਕਸਬਾ ਬਰੇਟਾ ਦੀ ਮੰਡੀ ਵਿੱਚ ਤਿੰਨ ਦੁਕਾਨਦਾਰਾਂ ਦੀਆਂ ਦੁਕਾਨਾਂ ਦੀ ਬੈਂਕ ਵੱਲੋਂ ਕਰਜ਼ੇ ਬਦਲੇ ਕੀਤੀ ਜਾ ਰਹੀ ਕਬਜ਼ਾ ਕਾਰਵਾਈ ਦਾ ਵਿਰੋਧ ਕਰ ਰਹੇ ਪੰਜਾਬ ਕਿਸਾਨ ਯੂਨੀਅਨ ਦੇ 40 ਆਗੂਆਂ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਵਿੱਚ ਪਏ ਭਾਰੀ ਦਬਾਅ ਤੇ ਤਣਾਅ ਕਾਰਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ। ਉਧਰ, ਜਥੇਬੰਦੀ ਨੇ ਪੁਲੀਸ ਵੱਲੋਂ ਬੈਂਕ ਨੂੰ ਕਬਜ਼ਾ ਕਾਰਵਾਈ ਕਰਵਾਉਣ ਖ਼ਿਲਾਫ਼ ਅਗਲਾ ਐਕਸ਼ਨ ਉਲੀਕਣ ਲਈ ਭਲਕੇ 13 ਜੂਨ ਨੂੰ ਵਿਸ਼ੇਸ਼ ਮੀਟਿੰਗ ਮਾਨਸਾ ਵਿੱਚ ਸੱਦੀ ਹੈ।
ਬਰੇਟਾ ਪੁਲੀਸ ਵੱਲੋਂ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ‘ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜਥੇਬੰਦੀ ਕਰਜ਼ੇ ਬਦਲੇ ਕਿਸਾਨਾਂ-ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੀ ਜ਼ਮੀਨਾਂ, ਦੁਕਾਨਾਂ ਅਤੇ ਮਕਾਨਾਂ ਦੀਆਂ ਕੁਰਕੀਆਂ ਨਿਲਾਮੀਆਂ ਦਾ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਕਸਬਾ ਬਰੇਟਾ ਦੀ ਮੰਡੀ ਦੇ ਮੱਧ ਵਰਗ ਦੁਕਾਨਦਾਰਾਂ ਮੇਲੀ ਰਾਮ ਪ੍ਰਸ਼ੋਤਮ, ਵਲੈਤੀ ਰਾਮ, ਪ੍ਰਸ਼ੋਤਮ ਦਾਸ ਅਤੇ ਉਨ੍ਹਾਂ ਦੀ ਗਾਰੰਟੀ ਪਾਉਣ ਵਾਲੇ ਸ਼ਿਵ ਕਾਟਨ ਫੈਕਟਰੀ ਦੀ, ਬੈਂਕ ਵੱਲੋਂ ਪੁਲੀਸ ਮਦਦ ਨਾਲ ਕਬਜ਼ਾ ਕਾਰਵਾਈ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਦਾ ਵਿਰੋਧ ਕਰਦੇ ਜਥੇਬੰਦੀ ਦੇ ਆਗੂਆਂ ਜ਼ਿਲ੍ਹਾ ਪ੍ਰਧਾਨ ਰਾਮਫਲ, ਗੁਰਜੰਟ ਮਾਨਸਾ ਸਣੇ ਤਿੰਨ ਦਰਜਨ ਆਗੂਆਂ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਦਬਾਅ ਸਦਕਾ ਸ਼ਾਮ ਨੂੰ ਇਹ ਆਗੂਆਂ ਰਿਹਾਅ ਕਰ ਦਿੱਤੇ ਗਏ।
ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਦਾ ਨਾਅਰਾ ਦੇ ਕੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਈ ‘ਆਪ’ ਭਗਵੰਤ ਮਾਨ ਸਰਕਾਰ ਦੇ ਰਾਜ ਵਿਚ ਕਿਸਾਨਾਂ-ਮਜ਼ਦੂਰਾਂ ਦੀਆਂ ਕੁਰਕੀਆਂ-ਨਿਲਾਮੀਆਂ ਅਤੇ ਕਬਜ਼ਾ ਕਾਰਵਾਈਆਂ ਦਾ ਰੁਝਾਨ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਤੇ ਅਗਵਾਈ ਵਿਚ ਪੁਲੀਸ ਦੀ ਮਦਦ ਨਾਲ ਮੱਧ ਵਰਗ ਕਿਸਾਨਾਂ-ਮਜ਼ਦੂਰਾਂ ਅਤੇ ਦੁਕਾਨਦਾਰਾਂ ਦੀਆਂ ਜ਼ਮੀਨਾਂ ਘਰਾਂ ਅਤੇ ਦੁਕਾਨਾਂ ਦੀ ਕੁਰਕੀਆਂ ਨਿਲਾਮੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਰਜ਼ੇ ‘ਚ ਫਸੇ ਕਿਸਾਨਾਂ-ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੇ ਕਰਜ਼ੇ ਮੁਆਫ਼ ਕਰਕੇ, ਉਨ੍ਹਾਂ ਨੂੰ ਕਰਜ਼ੇ ਦੇ ਇਸ ਮੱਕੜ ਜਾਲ ਵਿੱਚੋਂ ਕੱਢਿਆ ਜਾਵੇ।