ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਿਲ੍ਹਾ ਸੰਗਰੂਰ ’ਚ ਕਰੋਨਾ ਨਾਲ ਤਿੰਨ ਮੌਤਾਂ

09:44 AM Jul 29, 2020 IST

ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਜੁਲਾਈ

Advertisement

ਮ੍ਰਿਤਕ ਸ਼ਾਮ ਲਾਲ ਦੀ ਫਾਈਲ ਫੋਟੋ।

ਜ਼ਿਲ੍ਹਾ ਸੰਗਰੂਰ ’ਚ ਕਰੋਨਾ ਪੀੜਤ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ’ਚ ਹੁਣ ਤੱਕ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 26 ਹੋ ਗਈ ਹੈ। ਮ੍ਰਿਤਕ ਤਿੰਨ ਕਰੋਨਾ ਪੀੜਤ ਮਰੀਜ਼ਾਂ ’ਚੋਂ ਇੱਕ ਧੂਰੀ, ਇੱਕ ਲਹਿਰਾਗਾਗਾ ਅਤੇ ਇੱਕ ਸੰਗਰੂਰ ਨਾਲ ਸਬੰਧਤ ਹੈ। ਜ਼ਿਲ੍ਹੇ ’ਚ 36 ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ 24 ਮਰੀਜ਼ ਕਰੋਨਾ ਨੂੰ ਮਾਤ ਦਿੰਦਿਆਂ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਜ਼ਿਲ੍ਹੇ ’ਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 971 ਹੋ ਚੁੱਕੀ ਹੈ ਜਨਿ੍ਹਾਂ ’ਚੋਂ 723 ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਹੁਣ ਜ਼ਿਲ੍ਹੇ ’ਚ ਕਰੋਨਾ ਪੀੜਤ 222 ਐਕਟਿਵ ਮਰੀਜ਼ ਹਨ ਜਨਿ੍ਹਾਂ ’ਚੋਂ 2 ਦੀ ਹਾਲਤ ਗੰਭੀਰ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹੇ ’ਚ ਤਿੰਨ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ। ਮ੍ਰਿਤਕਾਂ ’ਚ ਆਸ਼ਾ ਰਾਣੀ ਉਮਰ 55 ਸਾਲ ਵਾਸੀ ਧੂਰੀ, ਸ਼ਾਮ ਲਾਲ ਉਮਰ 77 ਸਾਲ ਵਾਸੀ ਲਹਿਰਾਗਾਗਾ ਤੇ ਮੁੰਨਾ ਲਾਲ ਉਮਰ 35 ਸਾਲ ਵਾਸੀ ਸੰਗਰੂਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਆਸ਼ਾ ਰਾਣੀ ਅਤੇ ਸ਼ਾਮ ਲਾਲ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਵਿੱਚ ਜ਼ੇਰੇ ਇਲਾਜ ਸਨ ਜਿਥੇ ਇਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਬੀਤੀ ਰਾਤ ਇਨ੍ਹਾਂ ਦੋਵਾਂ ਮਰੀਜ਼ਾਂ ਦੀ ਮੌਤ ਹੋ ਗਈ ਹੈ।

Advertisement

ਇਸਤੋਂ ਇਲਾਵਾ ਮੁੰਨਾ ਲਾਲ ਉਮਰ 35 ਸਾਲ ਪੀਜੀਆਈ ਚੰਡੀਗੜ੍ਹ ’ਚ ਜ਼ੇਰੇ ਇਲਾਜ ਸੀ। ਇਸਦੇ ਫੇਫੜਿਆਂ ’ਚ ਪਾਣੀ ਭਰ ਗਿਆ ਸੀ ਤੇ ਲੀਵਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਸੀ ਤੇ ਪਿੱਤੇ ’ਚ ਪੱਥਰੀ ਸੀ। ਇਸਦੀ ਕਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 26 ਹੋ ਗਈ ਹੈ।

ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ’ਚ ਦਾਖਲ 24 ਮਰੀਜ਼ ਕਰੋਨਾ ਨੂੰ ਹਰਾਉਣ ’ਚ ਸਫ਼ਲ ਹੋਏ ਹਨ ਜਨਿ੍ਹਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕੋਵਿਡ ਕੇਅਰ ਸੈਂਟਰ ਘਾਬਦਾ ਤੋਂ 5, ਸਿਵਲ ਹਸਪਤਾਲ ਸੰਗਰੂਰ ਤੋਂ 1 ਤੇ ਮਲੇਰੋਕਟਲਾ ਤੋਂ 5, ਭੋਗੀਵਾਲ ਕੋਵਿਡ ਕੇਅਰ ਸੈਂਟਰ ਤੋਂ 7, ਪੀ.ਜੀ.ਆਈ ਤੋਂ 1 ਤੇ ਹੋਮ ਆਈਸੋਲੇਸ਼ਨ ਤੋਂ 5 ਜਣਿਆਂ ਨੇ ਕਰੋਨਾ ਤੇ ਫਤਹਿ ਹਾਸਿਲ ਕੀਤੀ।

ਲਹਿਰਾਗਾਗਾ (ਰਮੇਸ਼ ਭਾਰਦਵਾਜ) ਇਥੇ ਕਰੋਨਾ ਨਾਮੀ ਮਹਾਮਾਰੀ ਨੇ ਮੌਤ ਨਾਲ ਦਸਤਕ ਦਿੱਤੀ ਹੈ। ਇਥੋਂ ਦੇ ਜੀਟੀਬੀ ਗਰੁੱਪ ਆਫ ਇਸਟੀਚਿਊਸ਼ਨਜ਼ ਦੇ ਐੱਮਡੀ ਤੇ ਮੁੱਖ ਮੰਦਿਰ ਕਮੇਟੀ ਦੇ ਪ੍ਰਧਾਨ ਸ਼ਾਮ ਲਾਲ ਗਰਗ (77) ਰਾਜਿੰਦਰਾ ਹਸਪਤਾਲ ਪਟਿਆਲਾ ’ਚ ਬੀਤੀ ਸ਼ਾਮ ਦਮ ਤੋੜ ਗਏ ਹਨ। ਉਹ ਬਲਾਕ ਕਾਂਗਰਸ ਦੇ ਪ੍ਰਧਾਨ ਰਾਜੇਸ਼ ਭੋਲਾ ਦੇ ਪਿਤਾ ਅ ਤੇ ਨਗਰ ਕੌਂਸਲ ਦੀ ਪ੍ਰਧਾਨ ਰਵੀਨਾ ਗਰਗ ਦੇ ਸਾਹੁਰਾ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਦੇ ਅਤਿ ਨਜ਼ਦੀਕੀ ਸਾਥੀ ਰਹੇ ਹਨ। ਉਹ ਪਿਛਲੇ ਪੰਜ ਦਨਿਾਂ ਤੋਂ ਹਸਪਤਾਲ ਵਿੱਚ ਦਾਖਲ ਸਨ। ਸਿਵਲ ਹਸਪਤਾਲ ਦੇ ਐੱਸਐੱਮਓ ਡਾ . ਸੂਰਜ ਸ਼ਰਮਾ ਨੇ ਦੱਸਿਆ ਕਿ ਕਰੋਨਾ ਪੀੜਤਾਂ ਵਾਲੀ ਐਂਬੂਲੈਂਸ ਪਟਿਆਲਾ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲਹਿਰਾਗਾਗਾ ਲੈ ਕੇ ਆਈ ਹੈ ਤੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਪ੍ਰਸ਼ਾਸਨ ਦੀਆਂ ਹਿਦਾਇਤਾਂ ’ਤੇ ਕਰੋਨਾ ਤੋਂ ਬਚਾਅ ਤੇ ਸਮਾਜਿਕ ਦੂਰੀ ਦਾ ਧਿਆਨ ਰੱਖ ਕੇ ਸੌਰਵ ਕੰਪਲੈਕਸ ’ਚ ਇਕੱਠੇ ਹੋ ਕੇ ਸ਼ਰਧਾਂਜਲੀ ਦਿੱਤੀ। ਉਸਦੇ ਪੁੱਤਰ ਰਾਜੇਸ਼ ਭੋਲਾ ਨੇ ਪੀਪੀ ਕਿੱਟ ਪਾ ਕੇ ਅੰਤਿਮ ਸੰਸਕਾਰ ਕੀਤਾ। ਇਸ ਮੌਕੇ ਪ੍ਰਸ਼ਾਸਨ ਤੇ ਪੁਲੀਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਸਨ।

ਇਸੇ ਦੌਰਾਨ ਸਿਹਤ ਵਿਭਾਗ ਵੱਲੋਂ ਜਾਰੀ ਸਰਕਾਰੀ ਲੈਬੋਰੇਟਰੀ ਪਟਿਆਲਾ ਵੱਲੋਂ ਜਾਰੀ ਰਿਪੋਰਟ ’ਚ ਅਮਰਜੀਤ ਸਿੰਘ ਵਾਸੀ ਲਹਿਰਾਗਾਗਾ, ਬੱਚਾ ਹਿਤਾਕਸ਼ੀ ਪਿੰਡ ਸੇਖੂਵਾਸ, ਖੁਸ਼ਵੰਤ ਸਿੰਘ, ਰਣਦੀਪ ਸਿੰਘ, ਪਰਮਿੰਦਰ ਕੁਮਾਰ ਵਾਸੀ ਸੇਖੂਵਾਸ ਅਤੇ ਜਗਜੀਤ ਸਿੰਘ ਵਾਸੀ ਲਹਿਰਾਗਾਗਾ ਦੇ ਕਰੋਨਾ ਪਾਜ਼ੇਟਿਵ ਆਉਣ ਦੀ ਪੁਸ਼ਟੀ ਹੋਈ ਹੈ।

ਧੂਰੀ (ਹਰਦੀਪ ਸਿੰਘ ਸੋਢੀ) ਸ਼ਹਿਰ ਦੇ ਮੁਹੱਲਾ ਧਰਮਪੁਰਾ ਦੀ ਇੱਕ ਔਰਤ ਦੀ ਕਰੋਨਾ ਕਾਰਨ ਮੌਤ ਹੋ ਗਈ। ਸਿਵਲ ਹਸਪਤਾਲ ਧੂਰੀ ਦੇ ਐੱਸਐੱਮਓ ਡਾ. ਗੁਰਸ਼ਰਨ ਸਿੰਘ ਤੇ ਡਾ. ਪ੍ਰਭਸਿਮਰਨ ਸਿੰਘ ਨੇ ਕਰੋਨਾ ਕਾਰਨ ਹੋਈ ਇਸ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਧਰਮਪੁਰਾ ਮੁਹੱਲਾ ਦੀ ਆਸ਼ਾ ਰਾਣੀ (55) ਨਾਮੀ ਔਰਤ ਕੁਝ ਦਨਿ ਪਹਿਲਾਂ ਕਿਸੇ ਬਿਮਾਰੀ ਕਾਰਨ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਇਲਾਜ ਲਈ ਦਾਖਲ ਸੀ। ਜਿੱਥੇ ਉਸਦਾ ਕਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਤੇ ਲੰਘੀ ਰਾਤ ਉਸ ਦੀ ਪਟਿਆਲਾ ਵਿੱਚ ਮੌਤ ਹੋ ਗਈ। ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲੀਸ ਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ’ਚ ਉਸ ਦਾ ਸਸਕਾਰ ਕਰ ਦਿੱਤਾ ਗਿਆ।

ਪਟਿਆਲਾ ਜ਼ਿਲ੍ਹੇ ’ਚ ਕਰੋਨਾ ਨਾਲ਼ ਤਿੰਨ ਹੋਰ ਮੌਤਾਂ; 65 ਪਾਜ਼ੇਟਿਵ ਕੇਸ

ਪਟਿਆਲਾ (ਸਰਬਜੀਤ ਸਿੰਘ ਭੰਗੂ) ਪਟਿਆਲਾ ਜ਼ਿਲ੍ਹੇ ਵਿੱਚ ਅੱਜ ਕਰੋਨਾ ਕਾਰਨ ਤਿੰਨ ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਜਿਸ ਨਾਲ ਜ਼ਿਲ੍ਹੇ ’ਚ ਮੌਤਾਂ ਦੀ ਗਿਣਤੀ 25 ਹੋ ਗਈ ਹੈ। ਉਧਰ, ਅੱਜ 65 ਹੋਰ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਜ਼ਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 1504 ਹੋ ਗਈ ਹੈ। ਸੱਜਰੇ ਪਾਜ਼ੇਟਿਵ ਆਏ ਇਨ੍ਹਾਂ 42 ਕੇਸਾਂ ਵਿੱਚੋਂ 49 ਪਟਿਆਲਾ ਸ਼ਹਿਰ ਨਾਲ਼ ਸਬੰਧਤ ਹਨ, ਜਦੋਂਕਿ 4 ਰਾਜਪੁਰਾ, 4 ਨਾਭਾ, 1 ਸਮਾਣਾ, 7 ਪਿੰਡਾਂ ਤੋਂ ਹਨ। ਉਧਰ, ਸਟੇਟ ਬੈਂਕ ਆਫ਼ ਇੰਡੀਆ ਦੀ ਕਿਲਾ ਚੌਕ ਸਥਿਤ ਬ੍ਰਾਂਚ ਦੇ 11 ਮੁਲਾਜ਼ਮਾਂ ਦੇ ਪਾਜ਼ੇਟਿਵ ਪਾਏ ਜਾਣ ਕਰਕੇ ਇਹ ਬ੍ਰਾਂਚ ਦੋ ਦਨਿਾਂ ਲਈ ਬੰਦ ਕਰ ਦਿੱਤੀ ਗਈ ਹੈ। ਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕਰੋਨਾ ਨਾਲ ਫੌਤ ਹੋਏ ਮਰੀਜ਼ਾਂ ਵਿੱਚੋਂ ਸੱਤਰ ਸਾਲਾ ਇੱਕ ਬਜ਼ੁਰਗ ਪਟਿਆਲਾ ਸ਼ਹਿਰ ਦੇ ਮਜੀਠੀਆ ਐਨਕਲੇਵ ਦਾ ਰਹਿਣ ਵਾਲ਼ਾ ਸੀ। ਉਹ ਕਿਸੇ ਹੋਰ ਬਿਮਾਰੀ ਕਾਰਨ ਜ਼ੇਰੇ ਇਲਾਜ ਸੀ। ਇਸੇ ਤਰ੍ਹਾਂ ਕਿਸੇ ਹੋਰ ਬਿਮਾਰੀ ਕਾਰਨ ਪੀਜੀਆਈ ਵਿੱਚ ਦਾਖਲ ਨਾਭਾ ਦੇ ਕਰਤਾਰਪੁਰ ਮੁਹੱਲਾ ਦੀ 40 ਸਾਲਾ ਇੱਕ ਮਹਿਲਾ ਦੀ ਵੀ ਮੌਤ ਹੋ ਗਈ। ਤੀਜਾ ਮ੍ਰਿਤਕ ਗੁਲਾਬ ਨਗਰ ਰਾਜਪੁਰਾ ਵਾਸੀ ਸੀ। 63 ਸਾਲਾ ਇਹ ਵਿਅਕਤੀ ਵੀ ਕਿਸੇ ਹੋਰ ਬਿਮਾਰੀ ਕਾਰਨ ਰਾਜਿੰਦਰਾ ਹਸਪਤਾਲ ’ਚ ਮੌਤ ਹੋ ਗਈ ਪਰ ਨਾਲ ਹੀ ਉਹ ਕਰੋਨਾ ਦੀ ਮਾਰ ’ਚ ਵੀ ਆ ਗਿਆ, ਜਿਸ ਨੇ ਉਸ ਦੀ ਜਾਨ ਲੈ ਲਈ। ਇਸ ਤਰ੍ਹਾਂ ਕਰੋਨਾ ਕਾਰਨ ਜ਼ਿਲ੍ਹੇ ’ਚ 25 ਮੌਤਾਂ ਹੋ ਗਈਆਂ। ਹੁਣ ਤੱਕ 821 ਮਰੀਜ਼ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ। ਜ਼ਿਲ੍ਹੇ ’ਚ 658 ਐਕਟਿਵ ਕੇਸ ਹਨ। ਅੱਜ 1066 ਹੋਰ ਸੈਂਪਲ ਲਏ ਗਏ ਹਨ। ਸਿਵਲ ਸਰਜਨ ਦਾ ਕਹਿਣਾ ਸੀ ਕਿ ਲੋਕ ਪੂਰੀ ਤਰ੍ਹਾਂ ਸਾਵਧਾਨੀਆਂ ਨਹੀਂ ਵਰਤ ਰਹੇ, ਜਿਸ ਕਰਕੇ ਹੀ ਦਫ਼ਤਰਾਂ, ਇੰਸਟੀਚਿਊਟਸ ਅਤੇ ਹੋਰ ਸੰਸਥਾਵਾਂ ਵਿਚੋਂ ਹੀ ਵਧੇਰੇ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ।

ਘੱਗਾ ਵਿੱਚ ਏਐੱਸਆਈ ਤੇ ਇਕ ਮਹਿਲਾ ਕਰੋਨਾ ਪਾਜ਼ੇਟਿਵ

ਘੱਗਾ (ਸ਼ਾਹਬਾਜ਼ ਸਿੰਘ) ਕਸਬਾ ਘੱਗਾ ਵਿੱਚ ਇਕ ਪੁਲੀਸ ਮੁਲਾਜ਼ਮ ਸਮੇਤ ਕਰੋਨਾ ਦੇ 2 ਮਰੀਜ਼ ਸਾਹਮਣੇ ਆਏ ਹਨ, ਜਦੋਂਕਿ ਨਗਰ ਪੰਚਾਇਤ ਦੇ ਯਤਨਾਂ ਸਦਕਾ ਹੁਣ ਤੱਕ ਘੱਗਾ ਸ਼ਹਿਰ ਕਰੋਨਾ ਤੋਂ ਪੂਰੀ ਤਰ੍ਹਾਂ ਮੁਕਤ ਚੱਲਿਆ ਆ ਰਿਹਾ ਸੀ।ਸ਼ੁਤਰਾਣਾ ਸਿਹਤ ਕੇਂਦਰ ਮੁਤਾਬਕ ਘੱਗਾ ਥਾਣੇ ਦੇ ਏਐੱਸਆਈ ਬਲਵਿੰਦਰ ਸਿੰਘ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਸ ਨੂੰ ਉਸ ਦੇ ਘਰ ਪਿੰਡ ਕੜਿਆਲ ਵਿੱਚ ਹੀ ਏਕਾਂਤਵਾਸ ਕਰ ਦਿੱਤਾ ਗਿਆ ਹੈ। ਏਐੱਸਆਈ ਬਲਵਿੰਦਰ ਸਿੰਘ ਪਿਛਲੇ ਕਈ ਦਨਿਾਂ ਤੋਂ ਡੇਂਗੂ ਨਾਲ ਪੀੜਤ ਦੱਸੇ ਜਾਂਦੇ ਸਨ। ਇਸੇ ਦੌਰਾਨ ਘੱਗਾ ਦੇ ਵਾਰਡ ਨੰਬਰ 13 ਤੋਂ ਇਕ ਗਰਭਵਤੀ ਮਹਿਲਾ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਹ ਰਾਜਿਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਹੈ। ਸ਼ੁਤਰਾਣਾ ਸਿਹਤ ਕੇਂਦਰ ਦੇ ਐੱਸਐੱਮਓ ਡਾ. ਦਰਸ਼ਨ ਕੁਮਾਰ ਨੇ ਦੱਸਿਆ ਕਿ ਘੱਗਾ ਥਾਣੇ ਦੇ ਕਰੀਬ ਦੋ ਦਰਜਨ ਮੁਲਾਜ਼ਮਾਂ ਦੇ ਸੈਂਪਲ ਲਏ ਗਏ ਹਨ ਤੇ ਇਨ੍ਹਾਂ ਦੀ ਰਿਪੋਰਟ ਭਲਕੇ ਆਵੇਗੀ। ਇਸੇ ਦੌਰਾਨ ਥਾਣਾ ਮੁਖੀ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਥਾਣੇ ਸਮੇਤ ਸਾਰੇ ਕਸਬੇ ਵਿੱਚ ਕਰੋਨਾ ਨਾਲ ਸਬੰਧਿਤ ਹਦਾਇਤਾਂ ਦਾ ਸਖਤੀ ਨਾਲ ਪਾਲਨ ਨੂੰ ਯਕੀਨੀ ਕੀਤਾ ਜਾ ਰਿਹਾ ਹੈ ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।

ਮਾਲੇਰਕੋਟਲਾ ’ਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 313 ਹੋਈ

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ) ਸਿਹਤ ਬਲਾਕ ਮਾਲੇਰਕੋਟਲਾ ’ਚ ਅੱਜ ਤੱਕ ਕਰੋਨਾ ਪਾਜ਼ੇਟਿਵਾਂ ਦੀ ਗਿਣਤੀ 313 ਹੋ ਗਈ ਹੈ,ਜਨਿ੍ਹਾਂ ’ਚੋਂ ਹੁਣ ਤੱਕ 258 ਮਰੀਜ਼ ਰਾਜ਼ੀ ਹੋ ਚੁੱਕੇ ਹਨ, 40 ਐਕਟਿਵ ਕੇਸ ਹਨ ਅਤੇ 15 ਜਣਿਆਂ ਦੀ ਮੌਤ ਹੋ ਚੁੱਕੀ ਹੈ। ਐੱਸਡੀਐੱਮ ਮਾਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ ਨੇ ਸ਼ਹਿਰ ’ਚ ਕਰੋਨਾ ਦੇ ਫੈਲਾਅ ਨੂੰ ਦੇਖਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਮਹਾਂਮਾਰੀ ਨੂੰ ਧਿਆਨ ’ਚ ਰੱਖਦੇ ਹੋਏ ਸਮਾਜਿਕ ਦੂਰੀ ਦੀ ਪਾਲਣਾ ਯਕੀਨੀ ਬਣਾਉਣ ਤੇ ਘਰੋਂ ਬਾਹਰ ਜਾਣ ਮੌਕੇ ਮਾਸਕ ਪਾਉਣ ਤੇ ਹੱਥ ਮਿਲਾਉਣ ਤੋਂ ਪ੍ਰਹੇਜ਼ ਕਰਨ।

Advertisement
Tags :
ਸੰਗਰੂਰਕਰੋਨਾਜ਼ਿਲ੍ਹਾਤਿੰਨਮੌਤਾਂ