ਸਮੂਹਿਕ ਛੁੱਟੀ ਲੈ ਕੇ ਬਿਜਲੀ ਮੁਲਾਜ਼ਮਾਂ ਵੱਲੋਂ ਤਿੰਨ ਰੋਜ਼ਾ ਹੜਤਾਲ ਸ਼ੁਰੂ
ਜਗਜੀਤ ਸਿੰਘ
ਮੁਕੇਰੀਆਂ, 10 ਸਤੰਬਰ
ਪੀਐੱਸਈਬੀ ਜੁਆਇੰਟ ਫੋਰਮ, ਮੁਲਾਜ਼ਮ ਏਕਤਾ ਮੰਚ ਅਤੇ ਜੂਨੀਅਰ ਇੰਜਨੀਅਰ ਐਸੋਸੀਏਸ਼ਨ ਦੇ ਸੱਦੇ ’ਤੇ ਪਾਵਰਕੌਮ ਮੁਲਾਜ਼ਮਾਂ ਵੱਲੋਂ ਮੰਗਾਂ ਲਈ 10, 11, 12 ਸਤੰਬਰ ਦੀ ਸਮੂਹਿਕ ਛੁੱਟੀ ਲੈ ਕੇ ਕੀਤੀ ਜਾ ਰਹੀ ਹੜਤਾਲ ਦੌਰਾਨ ਮੁਕੇਰੀਆਂ ਮੰਡਲ ਸਮੇਤ ਇਸਦੇ ਸਮੁੱਚੇ ਉੱਪ ਮੰਡਲਾਂ, ਭੰਗਾਲਾ, ਹਾਜੀਪੁਰ, ਦਾਤਾਰਪੁਰ ਅਤੇ ਤਲਵਾੜਾ ਵਿਖੇ ਵੱਡੀ ਗਿਣਤੀ ਮੁਲਾਜ਼ਮਾਂ ਨੇ ਵੀ ਹੜਤਾਲ ਕੀਤੀ। ਇਸ ਦੌਰਾਨ ਮੰਡਲ ਦਫ਼ਤਰ ਵਿੱਚ ਐਂਪਲਾਈਜ਼ ਫੈਡਰੇਸ਼ਨ ਦੇ ਸਰਕਲ ਪ੍ਰਧਾਨ ਤਰਲੋਚਨ ਸਿੰਘ ਕੋਲੀਆਂ, ਪ੍ਰਧਾਨ ਜਗਦੀਸ਼ ਸਿੰਘ, ਬੀਐੱਮਐੱਸ ਦੇ ਸੂਬਾਈ ਆਗੂ ਸੁੱਚਾ ਸਿੰਘ, ਦਾਤਾਰਪੁਰ ਵਿੱਚ ਬੀਐੱਮਐੱਸ ਦੇ ਆਗੂ ਸਤਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਪਾਵਰਕੌਮ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਪਾਵਰਕੌਮ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਜਿਵੇਂ ਕਿ ਡਿਊਟੀ ਦੌਰਾਨ ਘਾਤਕ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਮੁਲਾਜ਼ਮ ਨੂੰ ਸ਼ਹੀਦ ਦਾ ਦਰਜਾ ਦੇ ਕੇ ਪੀੜਤ ਪਰਿਵਾਰ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ, ਹਾਦਸੇ ਦਾ ਸ਼ਿਕਾਰ ਹੋਏ ਕਾਮੇ ਨੂੰ ਕੈਸ਼ਲੈਸ ਦੀ ਸਹੂਲਤ ਦੇਣ, ਖਾਲੀ ਅਸਾਮੀਆਂ ਭਰਨ, ਮੁਲਾਜ਼ਮਾਂ ਦੀਆਂ ਤਰੱਕੀਆਂ ਵਿੱਚ ਆਈ ਖੜੌਤ ਦੂਰ ਕਰਨ, 295/19 ਵਾਲੇ ਸਹਾਇਕ ਲਾਈਨਮੈਨਾਂ ਦਾ ਮਸਲਾ ਜਲਦ ਹੱਲ ਕਰਨ ਆਦਿ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਇਸ ਦੇ ਰੋਸ ਵਜੋਂ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਹੈ।
ਚੇਤਨਪੁਰਾ (ਰਣਬੀਰ ਮਿੰਟੁ): ਪਾਵਰਕੌਮ ਵਿੱਚ ਕੰਮ ਕਰਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਵਰਕ ਟੂ ਰੂਲ ਅਤੇ ਸਮੂਹਿਕ ਛੁੱਟੀ ਦੇ ਫੈਸਲੇ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਸਾਂਝੀ ਰੈਲੀ ਕੀਤੀ ਗਈ। ਰੈਲੀ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ), ਟੈਕਨੀਕਲ ਸਰਵਿਸਿਜ਼ ਯੂਨੀਅਨ (ਸੋਢੀ), ਐਮ.ਐਸ.ਯੂ. ਆਦਿ ਜਥੇਬੰਦੀਆਂ ਵੱਲੋਂ ਦਫ਼ਤਰ ਹਰਸ਼ਾ ਛੀਨਾ ਦੇ ਗੇਟ ਅੱਗੇ ਰੈਲੀ ਕੀਤੀ ਗਈ। ਆਗੂਆਂ ਸੰਬੋਧਨ ਕਰਦਿਆਂ ਦੱਸਿਆ ਕਿ 10,11,12 ਸਤੰਬਰ ਨੂੰ ਸਮੁੱਚੇ ਕਾਮੇ ਸਮੂਹਿਕ ਛੁੱਟੀ ’ਤੇ ਚਲੇ ਗਏ ਹਨ। ਸਮੂਹਿਕ ਛੁੱਟੀਆਂ ਦੀਆਂ ਲਿਸਟਾਂ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ ਅਤੇ ਵਰਕ ਟੂ ਰੂਲ ਦੌਰਾਨ ਬਣਦੀ ਡਿਊਟੀ ਕੀਤੀ ਜਾਵੇਗੀ। ਹਾਜ਼ਰ ਜਥੇਬੰਦੀਆਂ ਨੇ ਮੈਨੇਜਮੈਂਟ ਵੱਲੋਂ ਐਸਮਾ ਲਾਉਣ ਦੇ ਜਾਰੀ ਕੀਤੇ ਪੱਤਰ ਦੀ ਨਿਖੇਧੀ ਕੀਤੀ।
ਰੈਲੀ ਨੂੰ ਸਰਕਲ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ, ਜੁਗਰਾਜ ਸਿੰਘ ਛੀਨਾ, ਜਰਨੈਲ ਸਿੰਘ ਸੈਂਸਰਾ, ਰਾਜਬੀਰ ਸਿੰਘ, ਸੰਦੀਪ ਸਿੰਘ ਮੱਲੂਨੰਗਲ, ਜਤਿੰਦਰ ਸਿੰਘ ਛੀਨਾ, ਦਵਿੰਦਰ ਸਿੰਘ ਲੁਹਾਰਕਾ, ਕੁਲਵਿੰਦਰ ਸਿੰਘ ਝੰਜੋਟੀ, ਜਸਪਾਲ ਸਿੰਘ, ਜਤਿੰਦਰ ਸਿੰਘ ਜੇ ਈ ਤੇ ਹਰਪ੍ਰੀਤ ਸਿੰਘ ਜੇ ਈ, ਰਮਨ ਕੁਮਾਰ ਜੇਈ ਤੇ ਮਨਪ੍ਰੀਤ ਸਿੰਘ ਜੇਈ ਨੇ ਸੰਬੋਧਨ ਕੀਤਾ।
ਪਠਾਨਕੋਟ (ਐੱਨਪੀ ਧਵਨ): ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਜੁਆਇੰਟ ਫੋਰਮ ਪੰਜਾਬ ਦੇ ਸੱਦੇ ’ਤੇ ਇੱਥੋਂ ਦੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਸਮੂਹਿਕ ਛੁੱਟੀ ਲੈ ਕੇ ਅੱਜ ਤੋਂ 3 ਰੋਜ਼ਾ ਹੜਤਾਲ ਸ਼ੁਰੂ ਕਰ ਦਿੱਤੀ। ਪਾਵਰਕੌਮ ਦੇ ਵੱਖ-ਵੱਖ ਦਫਤਰਾਂ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਰੈਲੀਆਂ ਕੀਤੀਆਂ ਗਈਆਂ। ਇਨ੍ਹਾਂ ਰੈਲੀਆਂ ਨੂੰ ਓਮ ਪ੍ਰਕਾਸ਼, ਰਾਜਿੰਦਰ ਕੁਮਾਰ, ਸਤਪਾਲ, ਨਿਸ਼ੂ ਕੁਮਾਰ, ਮਨਪ੍ਰੀਤ ਸਿੰਘ, ਅਸ਼ੋਕ ਕੁਮਾਰ, ਪ੍ਰਕਾਸ਼ ਚੰਦ, ਠਾਕੁਰ ਦਿਨੇਸ਼ਵਰ ਸਿੰਘ, ਰਾਜਿੰਦਰ ਸਿੰਘ, ਨਿਸ਼ਾਂਤ ਸਿੰਘ, ਮਹਿੰਦਰ ਪਾਲ ਤੇ ਇੰਜਨੀਅਰ ਰਾਕੇਸ਼ ਕੁਮਾਰ ਆਦਿ ਨੇ ਸੰਬੋਧਨ ਕੀਤਾ। ਆਗੂਆਂ ਦਾ ਕਹਿਣਾ ਸੀ ਕਿ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਡਿਊਟੀ ਦੌਰਾਨ ਮ੍ਰਿਤਕ ਹੋਏ ਬਿਜਲੀ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਮੁਲਾਜ਼ਮਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਖਾਲੀ ਪੋਸਟਾਂ ਭਰੀਆਂ ਜਾਣ।