For the best experience, open
https://m.punjabitribuneonline.com
on your mobile browser.
Advertisement

ਬਿਜਲੀ ਕਾਮਿਆਂ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ

10:27 AM Sep 11, 2024 IST
ਬਿਜਲੀ ਕਾਮਿਆਂ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ
ਲਹਿਰਾਗਾਗਾ ਵਿੱਚ ਪਾਵਰਕੌਮ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਬਿਜਲੀ ਕਾਮੇ।
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਸਤੰਬਰ
ਪੰਜਾਬ ਵਿੱਚ ਜੁਆਇੰਟ ਫੋਰਮ ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼ ਦੇ ਸੱਦੇ ’ਤੇ ਬਿਜਲੀ ਮੁਲਾਜ਼ਮ ਅੱਜ ਤੋਂ ਤਿੰਨ ਰੋਜ਼ਾ ਸਮੂਹਿਕ ਛੁੱਟੀ ’ਤੇ ਚੱਲੇ ਗਏ ਹਨ। ਅੱਜ ਸਬ-ਡਿਵੀਜ਼ਨ ਨਦਾਮਪੁਰ ਦੇ ਸਾਰੇ ਬਿਜਲੀ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ਕਰ ਕੇ ਨਦਾਮਪੁਰ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਆਈਟੀਆਈ ਐਂਪਲਾਈਜ਼ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪਾਵਰਕੌਮ ਮੈਨੇਜਮੈਂਟ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਹਾਦਸਿਆਂ ਦਾ ਸ਼ਿਕਾਰ ਹੋਏ ਬਿਜਲੀ ਮੁਲਾਜ਼ਮਾਂ ਨੂੰ ਇੱਕ ਕਰੋੜ ਮੁਆਵਜ਼ਾ ਰਾਸ਼ੀ ਸਮੇਤ ਕਾਮੇ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਕੰਟਰੈਕਟ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮਨਿੰਦਰ ਸਿੰਘ ਸੂਬਾ ਆਗੂ ਜੇਈ ਐਸੋਸੀਏਸ਼ਨ, ਗੁਰਇਕਬਾਲ ਸਿੰਘ ਪ੍ਰਧਾਨ, ਜਗਦੇਵ ਸਿੰਘ, ਰਣਜੀਤ ਨਦਾਮਪੁਰ, ਤਰਸੇਮ ਚੰਦ, ਲਖਵਿੰਦਰ ਸਿੰਘ, ਨੈਬ ਖਾਨ ਤੇ ਬਿਕਰਮਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੱਦੇ ’ਤੇ ਬਿਜਲੀ ਕਾਮਿਆਂ ਨੇ ਸਮੂਹਿਕ ਛੁੱਟੀ ਲੈ ਕੇ ਨਰਿੰਦਰ ਕੁਮਾਰ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ।ਕੌਰ ਸਿੰਘ ਸੋਹੀ ਨੇ ਕਿਹਾ ਕਿ ਫੋਰਮ ਦੇ ਸੱਦੇ ‘ਤੇ ਬਿਜਲੀ ਮੁਲਾਜ਼ਮਾਂ ਵੱਲੋਂ ਤਿੰਨ ਦਿਨਾਂ ਛੁੱਟੀ ਮਨਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੇ -ਕਮਿਸ਼ਨ ਦੀਆਂ ਬੇਨਿਯਮੀਆਂ ਨੂੰ ਦੂਰ ਕੀਤਾ ਜਾਵੇ, ਠੇਕਾ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਬਿਜਲੀ ਸੋਧ ਬਿਲ 2020 ਰੱਦ ਕੀਤਾ ਜਾਵੇ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਬਿਜਲੀ ਕਾਮਿਆਂ ਵੱਲੋਂ ਤਿੰਨ ਰੋਜ਼ਾ ਹੜਤਾਲ ਦੇ ਮੱਦੇਨਜ਼ਰ ਇੱਥੇ 33 ਕੇਵੀ ਗਰਿੱਡ ਅੱਗੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਰੈਲੀ ਨੂੰ ਸੂਬਾਈ ਆਗੂ ਇੰਦਰਜੀਤ ਸਿੰਘ ਢਿੱਲੋਂ, ਸਰਕਲ ਆਗੂ ਲਖਵਿੰਦਰ ਸਿੰਘ, ਕ੍ਰਿਸ਼ਨ ਕਾਂਤ ਤੇ ਡਿਵੀਜ਼ਨ ਆਗੂ ਬਲਜੀਤ ਸਿੰਘ ਨੇ ਸੰਬੋਧਨ ਕੀਤਾ।
ਸਮਾਣਾ (ਸੁਭਾਸ਼ ਚੰਦਰ): ਬਿਜਲੀ ਬੋਰਡ ਦੇ ਸਮੂਹ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੰਤਰੀ ਨੇ ਕਈ ਵਾਰ ਉਨ੍ਹਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨ ਕੇ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ, ਜਿਸ ਕਾਰਨ ਉਨ੍ਹਾਂ ਨੇ ਸਰਕਾਰ ਖਿਲਾਫ ਇਹ ਕਦਮ ਚੁੱਕਿਆ।
ਇਸ ਮੌਕੇ ਜਗਜੀਤ ਸਿੰਘ, ਜਗਦੀਸ਼ ਸਿੰਘ, ਗੁਰਮੁਖ ਸਿੰਘ, ਸਾਹਿਲ ਚੌਹਾਨ, ਕਾਰਤਿਕ ਗਰਗ, ਸੁਖਬੀਰ ਸਿੰਘ ਤੋਂ ਇਲਾਵਾ ਸੈਂਕੜੇ ਮੁਲਾਜ਼ਮ ਹਾਜ਼ਰ ਸਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਬਿਜਲੀ ਮੁਲਾਜ਼ਮਾਂ ਵੱਲੋਂ ਪਾਵਰਕੌਮ ਦਫ਼ਤਰ ਡਿਵੀਜ਼ਨ ਲਹਿਰਾਗਾਗਾ ਅੱਗੇ ਧਰਨਾ ਦੇ ਕੇ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਿਜਲੀ ਮੁਲਾਜ਼ਮਾਂ ਦੇ ਸੂਬਾਈ ਆਗੂ ਦਵਿੰਦਰ ਸਿੰਘ ਪਿਸ਼ੌਰ, ਪੂਰਨ ਸਿੰਘ ਖਾਈ ਤੇ ਰਾਮਚੰਦਰ ਸਿੰਘ ਖਾਈ ਆਦਿ ਨੇ ਸੰਬੋਧਨ ਕਰਦਿਆਂ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਸ਼ ਕੀਤਾ ਜਾਵੇਗਾ।
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਡਿਵੀਜ਼ਨ ਰਾਜਪੁਰਾ ਦੇ ਸਮੁੱਚੇ ਮੁਲਾਜ਼ਮਾਂ ਨੇ 10 ਸਤੰਬਰ ਤੋਂ ਲੈ ਕੇ 12 ਸਤੰਬਰ ਤੱਕ ਸਮੂਹਿਕ ਛੁੱਟੀ ’ਤੇ ਜਾਣ ਦਾ ਫ਼ੈਸਲਾ ਕੀਤਾ ਹੈ। ਸਮੂਹ ਮੁਲਾਜ਼ਮਾਂ ਨੇ ਮੰਡਲ ਦਫ਼ਤਰ ਰਾਜਪੁਰਾ ਪਾਵਰਕੌਮ ਦੇ ਦਫ਼ਤਰ ਅੱਗੇ ਟੀਐਸਯੂ ਦੇ ਪ੍ਰਧਾਨ ਸੁਖਦੇਵ ਸਿੰਘ ,ਸੈਕਟਰੀ ਅਰਵਿੰਦਰ ਸਿੰਘ, ਗੁਰਦੀਪ ਸਿੰਘ ਸੈਦਖੇੜੀ, ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਨਾਜ਼ਰ ਸਿੰਘ, ਏ ਓ ਜੇ ਈ ਦੇ ਸਰਕਲ ਆਗੂ ਗੁਰਮੀਤ ਸਿੰਘ ਜੇਈ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਦਿੱਤਾ।

Advertisement

Advertisement
Advertisement
Author Image

sukhwinder singh

View all posts

Advertisement