ਤਿੰਨ ਰੋਜ਼ਾ ਸੂਬਾ ਪੱਧਰੀ ਪ੍ਰਾਇਮਰੀ ਖੇਡਾਂ ਸਮਾਪਤ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 18 ਨਵੰਬਰ
ਪੰਜਾਬ ਦੇ ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ ਅਨੁਸਾਰ ਅੰਤਰ ਜ਼ਿਲ੍ਹਾ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਤਹਿਤ ਫੁਟਬਾਲ ਅਤੇ ਸ਼ਤਰੰਜ ਦੇ ਟੂਰਨਾਮੈਂਟ ਜਸਵਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਅਤੇ ਮੁਹੰਮਦ ਖਲੀਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ) ਦੀ ਸਰਪ੍ਰਸਤੀ ਹੇਠ ਸਥਾਨਕ ਡਾ. ਜ਼ਾਕਿਰ ਹੁਸੈਨ ਸਟੇਡੀਅਮ ਮਾਲੇਰਕੋਟਲਾ, ਸਥਾਨਕ ਅਲ -ਫ਼ਲਾਹ ਪਬਲਿਕ ਸਕੂਲ, ਦਾ ਟਾਊਨ ਸਕੂਲ ਅਤੇ ਫਲੌਡ ਕਲਾਂ ਦੇ ਖੇਡ ਮੈਦਾਨ ਵਿੱਚ ਕਰਵਾਏ ਗਏ। ਇਨ੍ਹਾਂ ਰਾਜ ਪੱਧਰੀ ਖੇਡਾਂ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ।
ਖੇਡ ਸਮਾਰੋਹ ਦੇ ਆਖ਼ਰੀ ਦਿਨ ਫੁੱਟਬਾਲ (ਮੁੰਡੇ ਅਤੇ ਕੁੜੀਆਂ) ਤੇ ਸ਼ਤਰੰਜ (ਮੁੰਡੇ ਅਤੇ ਕੁੜੀਆਂ) ਦੇ ਫਾਈਨਲ ਵਿੱਚ ਪਹੁੰਚੇ ਜ਼ਿਲ੍ਹਿਆਂ ਦੀਆਂ ਟੀਮਾਂ ਦੇ ਮੁਕਾਬਲੇ ਹੋਏ ਜਿਸ ਵਿੱਚ ਪਹਿਲਾ ਮੈਚ ਫੁਟਬਾਲ (ਕੁੜੀਆਂ) ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਰੂਪਨਗਰ ਵਿਚਕਾਰ ਹੋਇਆ ਜਿਸ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਜੇਤੂ ਰਿਹਾ ਅਤੇ ਫੁੱਟਬਾਲ (ਮੁੰਡੇ) ਦਾ ਫਾਈਨਲ ਮੈਚ ਜ਼ਿਲ੍ਹਾ ਲੁਧਿਆਣਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਚਕਾਰ ਹੋਇਆ ਜਿਸ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਟੀਮ ਜੇਤੂ ਰਹੀ। ਸਤਰੰਜ਼ (ਮੁੰਡੇ) ਦੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਬਠਿੰਡਾ ਪਹਿਲੇ ਤੇ ਜ਼ਿਲ੍ਹਾ ਮੋਗਾ ਦੂਸਰੇ ਸਥਾਨ ’ਤੇ ਰਹੇ।
ਸ਼ਤਰੰਜ (ਕੁੜੀਆਂ) ਦੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਸੰਗਰੂਰ ਪਹਿਲੇ ਤੇ ਜ਼ਿਲ੍ਹਾ ਬਠਿੰਡਾ ਦੂਜੇ ਸਥਾਨ ’ਤੇ ਰਹੇ। ਇਨ੍ਹਾਂ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਮੁਹੰਮਦ ਓਵੈਸ ਐਮ. ਡੀ. ਸਟਾਰ ਇੰਮਪੈਕਟ, ਵਿਸ਼ੇਸ਼ ਮਹਿਮਾਨ ਸ਼ਮਸ਼ਾਦ ਅਲੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਾਲੇਰਕੋਟਲਾ ਸਨ ਤੇ ਪ੍ਰਧਾਨਗੀ ਲਤੀਫ਼ ਅਹਿਮਦ ਥਿੰਦ (ਪੀ.ਸੀ.ਐਸ) ਸੀ.ਈ.ਓ. ਪੰਜਾਬ ਵਕਫ਼ ਬੋਰਡ ਨੇ ਕੀਤੀ।