ਤਿੰਨ ਰੋਜ਼ਾ ਕੀਰਤਨ ਕਾਨਫਰੰਸ ਸ਼ੁਰੂ
ਖੇਤਰੀ ਪ੍ਰਤੀਨਿਧ
ਪਟਿਆਲਾ, 22 ਅਕਤੂਬਰ
ਪੰਜਾਬੀ ਯੂਨੀਵਰਸਿਟੀ ਦੀ ਭਾਈ ਵੀਰ ਸਿੰਘ ਚੇਅਰ ਵੱਲੋਂ ਨਾਦ ਮਿਊਜ਼ਿਕ ਇੰਸਟੀਚਿਊਟ ਯੂਐੱਸਏ. ਦੇ ਸਹਿਯੋਗ ਨਾਲ਼ ਤਿੰਨ ਦਿਨਾ ‘ਕੌਮਾਂਤਰੀ ਕੀਰਤਨ ਕਾਨਫ਼ਰੰਸ’ ਅੱਜ ਸ਼ੁਰੂ ਹੋ ਗਈ। ‘ਹਰਮਨਿਓਟਿਕਸ ਆਫ ਡੀਵਾਈਨ ਸਾਊਂਡਸਕੇਪਜ਼: ਡੀਕੋਡਿੰਗ ਦਾ ਮਿਊਜ਼ੀਕਲ ਸਿਗਨੇਚਰਜ਼ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਸ਼ੇ ’ਤੇ ਕਰਵਾਈ ਜਾ ਰਹੀ ਇਸ ਕਾਨਫਰੰਸ ਦਾ ਉਦਘਾਟਨ ਡੀਨ ਅਕਾਦਮਿਕ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕੀਤਾ। ਉਦਘਾਟਨੀ ਸੈਸ਼ਨ ਦਾ ਸੰਚਾਲਨ ਕਰਦਿਆਂ ਭਾਈ ਵੀਰ ਸਿੰਘ ਚੇਅਰ ਦੇ ਇੰਚਾਰਜ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਾਨਫ਼ਰੰਸ ਵਿੱਚ 17 ਵੱਖ-ਵੱਖ ਦੇਸ਼ਾਂ ਤੋਂ ਡੈਲੀਗੇਟ ਸ਼ਿਰਕਤ ਕਰ ਰਹੇ ਹਨ। ਕੀਰਤਨ ਦੀਆਂ ਪੁਰਾਤਨ ਸ਼ੈਲੀਆਂ ਸਬੰਧੀ ਚਰਚਾ ਕਰਦਿਆਂ ਸਰਬਦੀਪ ਸਿੰਘ (ਯੂਐੱਸਏ) ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਕੁਝ ਸਮਾਂ ਪਹਿਲਾਂ ਜਿਨ੍ਹਾਂ ਸ਼ੈਲੀਆਂ ਦੇ ਲੋਪ ਹੋ ਜਾਣ ਦੇ ਖਦਸ਼ੇ ਜਤਾਏ ਜਾਂਦੇ ਰਹੇ ਹਨ, ਉਹ ਹੁਣ ਮੁੜ ਸੁਰਜੀਤ ਹੋ ਚੁੱਕੀਆਂ ਹਨ। ਕੀਰਤਨ ਦੀਆਂ ਪੁਰਾਤਨ ਅਤੇ ਨਿਰਧਾਰਿਤ ਸ਼ੈਲੀਆਂ ਨੂੰ ਅਹਿਮੀਅਤ ਦੇਣ ਸਮੇਤ ਉਨ੍ਹਾਂ ਨੇ ਬਾਕੀ ਸ਼ੈਲੀਆਂ ਪ੍ਰਤੀ ਵੀ ਉਦਾਰਚਿਤ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ। ਇਹ ਕਾਨਫ਼ਰੰਸ ਭਾਈ ਹੀਰਾ ਸਿੰਘ ਜੀ ਰਾਗੀ ਨੂੰ ਸਮਰਪਿਤ ਰਹੀ, ਜਿਨ੍ਹਾਂ ਦੇ ਪੜਪੋਤੇ ਦਿਵਿਆਜੋਤ ਸਿੰਘ ਵੀ ਦਿੱਲੀ ਤੋਂ ਪੁੱਜੇ ਹੋਏ ਸਨ।
ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਨੇ ਇੱਛਾ ਪ੍ਰਗਟਾਈ ਕਿ ਕੀਰਤਨ ਦੀਆਂ ਪੁਰਾਤਨ ਸ਼ੈਲੀਆਂ ਨਾਲ ਜੁੜੀਆਂ ਸ਼ਖ਼ਸੀਅਤਾਂ ਦੇ ਯੋਗਦਾਨ ਨੂੰ ਧਿਆਨ ਵਿੱਚ ਰਖਦਿਆਂ ਵਿਸ਼ੇਸ਼ ਅਜਾਇਬ ਘਰ ਵੀ ਸਥਾਪਿਤ ਹੋਣਾ ਚਾਹੀਦਾ ਹੈ।