ਐਡੀਲੇਡ ਵਿੱਚ ਤਿੰਨ ਦਿਨਾ ਆਸਟਰੇਲੀਅਨ ਸਿੱਖ ਖੇਡਾਂ 29 ਤੋਂ
ਬਚਿੱਤਰ ਕੁਹਾੜ
ਐਡੀਲੇਡ, 20 ਮਾਰਚ
ਆਸਟਰੇਲੀਆ ਵਿੱਚ ਸਿੱਖੀ ਦੀ ਪਛਾਣ 36ਵੀਆਂ ਆਸਟਰੇਲੀਅਨ ਸਿੱਖ ਖੇਡਾਂ ਦੱਖਣੀ ਆਸਟਰੇਲੀਆ ਦੀ ਰਾਜਧਾਨੀ ਐਡੀਲੇਡ ਵਿੱਚ 29 , 30 ਤੇ 31 ਮਾਰਚ ਨੂੰ ਐਡੀਲੇਡ ਹਾਈ ਸਕੂਲ ਦੇ ਖੇਡ ਮੈਦਾਨ ਵਿੱਚ ਕਰਵਾਈਆਂ ਜਾ ਰਹੀਆਂ ਹਨ।
ਆਸਟਰੇਲੀਅਨ ਸਿੱਖ ਖੇਡਾਂ ਸਾਊਥ ਆਸਟਰੇਲੀਆ ਦੇ ਮੀਤ ਪ੍ਰਧਾਨ ਸੁਖਵਿੰਦਰ ਪਾਲ ਸਿੰਘ ਬੱਲ ਨੇ ਦੱਸਿਆ ਕਿ ਆਸਟਰੇਲੀਆ ਸਮੇਤ ਗੁਆਂਢੀ ਮੁਲਕਾਂ ਤੋਂ ਕਰੀਬ 283 ਖੇਡ ਟੀਮਾਂ ਤੇ ਕਲੱਬਾਂ ਨੇ ਖੇਡਣ ਲਈ ਨਾਮ ਦਰਜ ਕਰਵਾਏ ਹਨ ਅਤੇ ਵੱਖ-ਵੱਖ ਖੇਡਾਂ ਨਾਲ ਸਬੰਧਤ ਲਗਪਗ 1100 ਅਥਲੀਟਾਂ ਦੇ ਇਨ੍ਹਾਂ ਖੇਡਾਂ ਵਿੱਚ ਸ਼ਾਮਲ ਹੋਣ ਦੀ ਆਸ ਹੈ। ਉਨ੍ਹਾਂ ਮੁਤਾਬਕ ਤਿੰਨ ਰੋਜ਼ਾ ਆਸਟਰੇਲੀਅਨ ਸਿੱਖ ਖੇਡਾਂ ਵਿੱਚ ਕਰੀਬ ਇਕ ਲੱਖ ਲੋਕਾਂ ਦੇ ਪੁੱਜਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਲਈ ਤਜਰਬੇਕਾਰ ਪ੍ਰਬੰਧਕ ਨਿਯੁਕਤ ਕੀਤੇ ਗਏ ਹਨ। ਇਸ ਦੌਰਾਨ ਲੰਗਰ ਦੇ ਪ੍ਰਬੰਧ ਤੋਂ ਇਲਾਵਾ ਖੇਡ ਮੈਦਾਨ ਵਿੱਚ ਖੇਡ ਪ੍ਰੇਮੀਆਂ ਤੇ ਸਿੱਖ ਸੰਗਤ ਦੇ ਪੁੱਜਣ ਲਈ ਐਡੀਲੇਡ ਦੇ ਹਵਾਈ ਅੱਡੇ ਅਤੇ ਹੋਰ ਵੱਖ-ਵੱਖ ਥਾਵਾਂ ਤੋਂ ਮੁਫ਼ਤ ਬੱਸ ਸੇਵਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿੱਖ ਖੇਡਾਂ ਲਈ ਸਰਕਾਰ ਤੋਂ ਇਲਾਵਾ ਕਾਰੋਬਾਰੀ ਵਾਲੰਟੀਅਰ, ਸਿੱਖ ਸੰਸਥਾਵਾਂ ਅਤੇ ਸੰਗਤ ਬਹੁਤ ਸਹਿਯੋਗ ਦੇ ਰਹੀ ਹੈ।
ਆਸਟਰੇਲੀਅਨ ਸਿੱਖ ਗੇਮਜ਼ ਦੇ ਸੰਸਥਾਪਕ ਮੈਂਬਰ ਮਹਾਬੀਰ ਸਿੰਘ ਗਰੇਵਾਲ ਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਖੇਡਾਂ ਆਸਟਰੇਲੀਆ ਦੇ ਵੱਖ-ਵੱਖ ਸੂਬਿਆਂ ਵਿੱਚ ਪੜਾਅਵਾਰ ਕਰਵਾਈਆਂ ਜਾਂਦੀਆਂ ਹਨ ਅਤੇ ਦੱਖਣੀ ਆਸਟਰੇਲੀਆ ਵਿੱਚ ਇਹ ਖੇਡਾਂ ਆਖਰੀ ਵਾਰ 2017 ਵਿੱਚ ਹੋਈਆਂ ਸਨ। 36ਵੀਆਂ ਸਿੱਖ ਖੇਡਾਂ ਦੱਖਣੀ ਆਸਟਰੇਲੀਆ ਵਿੱਚ 29, 30 ਤੇ 31 ਮਾਰਚ ਨੂੰ ਹੋਣ ਜਾ ਰਹੀਆਂ ਹਨ। ਇੱਥੇ ਦੱਸਣਯੋਗ ਹੈ ਕਿ ਦੱਖਣੀ ਆਸਟਰੇਲੀਆ ਵਿੱਚ ਖੇਡ ਕਲੱਬਾਂ ਤੇ ਸਭਿਆਚਾਰਕ ਗਰੁੱਪਾਂ ਵਿੱਚ ਆਸਟਰੇਲੀਅਨ ਸਿੱਖ ਗੇਮਜ਼ ਨੂੰ ਲੈ ਕੇ ਭਾਰੀ ਉਤਸ਼ਾਹ ਹੈ।